ਮੋਹਾਲੀ ਦੇ 11 ਫੇਸ ‘ਚ ਔਰਤ ਦੀਆਂ ਉਂਗਲਾਂ ਕੱਟਕੇ ਸੋਨੇ ਦੀਆਂ ਮੁੰਦਰੀਆਂ ਲੁੱਟਣ ਵਾਲੇ ਮਾਮਲੇ ਵਿੱਚ ਪੁਲਿਸ ਨੇ 3 ਔਰਤਾਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਇੱਕ ਦੋਸ਼ੀ ਅਜੇ ਵੀ ਫ਼ਰਾਰ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਸੋਨੇ ਦੀ ਚੇਨ ਤੇ ਇੱਕ ਡਾਇਮੰਡ ਬਰਾਮਦ ਕੀਤਾ ਹੈ। ਇਸ ਵਾਰਦਾਤ ਨੂੰ ਪੀੜਿਤ ਔਰਤ ਦੀ ਗੁਆਂਢਣ ਹਰਪ੍ਰੀਤ ਕੌਰ ਨੇ ਸਾਥੀਆਂ ਨਾਲ ਮਿਲਕੇ ਅੰਜਾਮ ਦਿੱਤਾ ਸੀ।
ਦੱਸ ਦੇਈਏ ਕਿ ਮੋਹਾਲੀ ਦੇ 11 ਫੇਸ ‘ਚ 3 ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਨੇ ਘਰ ‘ਚ ਦਾਖਲ ਹੋ ਕੇ ਬਜ਼ੁਰਗ ਔਰਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸਾਰੇ ਗਹਿਣੇ ਲੁੱਟ ਲਏ ਸਨ। ਇਨ੍ਹਾਂ ਹੀ ਨਹੀਂ ਨਕਾਬਪੋਸ਼ ਨੌਜਵਾਨਾਂ ਨੇ ਉਂਗਲਾਂ ‘ਚੋਂ ਮੁੰਦਰੀਆਂ ਕੱਢਦਿਆਂ ਤੇਜ਼ਧਾਰ ਹਥਿਆਰ ਨਾਲ ਉਂਗਲਾਂ ਕੱਟ ਦਿੱਤੀਆਂ। ਇਸ ਘਟਨਾ ਦੀ ਸ਼ਿਕਾਇਤ ਪੀੜਿਤ ਬਜ਼ੁਰਗ ਔਰਤ ਰਾਧਾ ਰਾਣੀ ਨੇ ਪੁਲਿਸ ਨੂੰ ਦਿੱਤੀ।
ਸ਼ਿਕਾਇਤ ‘ਚ ਰਾਧਾ ਰਾਣੀ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ। ਇਸ ਦੌਰਾਨ ਕਰੀਬ 9:58 ‘ਤੇ ਅਣਪਛਾਤੇ ਨੌਜਵਾਨ ਬਾਹਰੋਂ ਗੇਟ ਖੋਲ੍ਹ ਕੇ ਅੰਦਰ ਦਾਖਲ ਹੋਏ ਅਤੇ ਆਉਂਦੇ ਹੀ ਬਜ਼ੁਰਗ ਔਰਤ ਨੂੰ ਫੜ੍ਹ ਲਿਆ। ਉਸ ਦਾ ਮੂੰਹ ਬੰਦ ਕਰ ਕੇ ਉਸ ਦੇ ਗਲ਼ੇ ‘ਤੇ ਚਾਕੂ ਰੱਖ ਕੇ, ਉਸ ਦੇ ਸਾਰੇ ਗਹਿਣੇ ਉਤਰਵਾ ਲਏ ਅਤੇ ਉਂਗਲਾਂ ਵੱਢ ਕੇ ਉਥੋਂ ਫਰਾਰ ਹੋ ਗਏ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਮੋਹਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਬੇਅਦਬੀ ਕਾਂਡ ਦੇ ਦੋਸ਼ੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਗੁਰੂ ਗੋਬਿੰਦ ਜੇਲ੍ਹ ‘ਚ ਕੀਤਾ ਜਾ ਸਕਦੈ ਸ਼ਿਫਟ
ਪੁਲਿਸ ਵੱਲੋਂ ਕੀਤੇ ਗਏ ਮਾਮਲੇ ਦੀ ਜਾਂਚ ‘ਚ ਸਾਹਮਣੇ ਆਇਆ ਕਿ ਪੀੜਿਤ ਔਰਤ ਦੀ ਗੁਆਂਢਣ ਹਰਪ੍ਰੀਤ ਕੌਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਇਸ ਵਾਰਦਾਤ ਦੀ ਪਲਾਨਿੰਗ ਕੀਤੀ। ਇਸ ‘ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ। ਮੋਹਾਲੀ ਪੁਲਿਸ ਨੇ ਇਸ ਮਾਮਲੇ ਵਿਚ ਛੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਫੜੇ ਗਏ ਦੋਸ਼ੀਆਂ ਵਿਚ 3 ਔਰਤਾਂ ਵੀ ਸ਼ਮਲ ਹਨ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਇੱਕ ਫ਼ਰਾਰ ਦੋਸ਼ੀ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: