ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਅਜਿਹੀ ਵਾਰਦਾਤ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ ਹਮਲਾਵਰਾਂ ਨੇ ਤਲਵਾਰ ਨਾਲ ਅੰਜਾਮ ਦਿੱਤਾ। ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਘਟਨਾ ਮੋਗਾ ਜ਼ਿਲ੍ਹੇ ਦੇ ਬਧਨੀ ਕਲਾਂ ਵਿੱਚ ਇੱਕ ਬਾਜ਼ਾਰ ਦੀ ਹੈ, ਜਿਥੇ 6 ਹਮਲਾਵਰਾਂ ਨੇ 28 ਸਾਲਾਂ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ। ਘਟਨਾ ਹਾਲਾਂਕਿ ਸ਼ੁੱਕਰਵਾਰ ਦੀ ਹੈ ਪਰ ਪੁਲਿਸ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਮ੍ਰਿਤਕ ਦੀ ਪਛਾਣ ਦੇਸ਼ਰਾਜ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਦੇਸ਼ਰਾਜ ‘ਤੇ ਤਲਵਾਰਾਂ ਸਣੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਉਸ ਦੇ ਕੰਨ ਤੇ ਗਰਦਨ ਦੇ ਕੋਲ ਕੱਟ ਲੱਗਾ ਸੀ ਤੇ ਉਸ ਦਾ ਇੱਕ ਪੈਰ ਵੀ ਜ਼ਖਮੀ ਹੋ ਗਿਆ ਸੀ। ਮੋਗਾ ਸਿਵਲ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਮੁਤਾਬਕ ਦੇਸ਼ਰਾਜ ਦਾ ਕੁਝ ਦਿਨ ਪਹਿਲਾਂ ਦੋਸ਼ੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਨਿਹਾਲ ਸਿੰਘ ਵਾਲਾ ਥਾਣਾ ਇੰਚਾਰਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਤਿੰਨ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਸਾਰੇ ਹਮਲਾਵਰਾਂ ਨੂੰ ਫੜਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: