ਪੰਜਾਬ ਦੇ ਸ਼ਹਿਰ ਅਬੋਹਰ ‘ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਸਰਕਾਰੀ ਹਸਪਤਾਲ ਵਿੱਚ ਪੰਘੂੜੇ ਵਿੱਚੋਂ ਇੱਕ ਲਾਵਾਰਿਸ ਨਵਜੰਮੀ ਬੱਚੀ ਮਿਲੀ ਹੈ। ਰੋਂਣ ਦੀ ਆਵਾਜ਼ ਸੁਣ ਕੇ ਸਟਾਫ ਦੀ ਨਜ਼ਰ ਉਸ ਤੇ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਡਾਕਟਰਾਂ ਨੇ ਬੱਚੀ ਦਾ ਇਲਾਜ਼ ਕੀਤਾ ਪਰ ਉਸ ਦੀ ਹਾਲਤ ਨਾਜ਼ੁਕ ਸੀ, ਜਿਸ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਵਿੱਚ ਪੰਘੂੜੇ ਬਣਾਏ ਗਏ ਹਨ, ਜਿਸ ਵਿੱਚ ਐਤਵਾਰ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਇਸ ਬੱਚੀ ਨੂੰ ਛੱਡ ਗਿਆ। ਬੱਚੀ ਦੀ ਸੂਚਨਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੂੰ ਦਿੱਤੀ ਗਈ। ਡਾਕਟਰਾਂ ਨੇ ਉਸ ਦੀ ਦੇਖਭਾਲ ਕੀਤੀ ਅਤੇ ਮੁੱਢਲੀ ਸਹਾਇਤਾ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਖੇਤਾਂ ਦੀ ਸਿੰਚਾਈ ਨੂੰ ਲੈ ਕੇ 2 ਧਿਰਾਂ ‘ਚ ਚੱਲੀਆਂ ਗੋ.ਲੀਆਂ, 5 ਲੋਕ ਜ਼ਖਮੀ
ਸੂਚਨਾ ਮਿਲਦੇ ਹੀ ਵਿਭਾਗ ਦੀ ਟੀਮ ਅਤੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਰਾਮ ਵੀ ਹਸਪਤਾਲ ਪਹੁੰਚ ਗਏ। ਉਸ ਨੇ ਲੜਕੀ ਦਾ ਚੈੱਕਅੱਪ ਕੀਤਾ ਅਤੇ ਉਸ ਨੂੰ ਰੈਫਰ ਕਰ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਆਸ-ਪਾਸ ਦੇ ਹਸਪਤਾਲਾਂ ਦਾ ਰਿਕਾਰਡ ਚੈੱਕ ਕਰਕੇ ਬੱਚੀ ਦੇ ਮਾਪਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬੱਚੀ ਮਿਲਣ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਕਮੇਟੀ ਦੇ ਪ੍ਰਧਾਨ ਰਾਜੂ ਚਰਾਇਆ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਨਵਜੰਮੀ ਬੱਚੀ ਨੂੰ ਇਲਾਜ ਲਈ ਫਰੀਦਕੋਟ ਭੇਜ ਦਿੱਤਾ ਗਿਆ ਹੈ। ਉਸ ਦੇ ਠੀਕ ਹੋਣ ‘ਤੇ ਇਸ ਨੂੰ ਪ੍ਰਸ਼ਾਸਨਿਕ ਪ੍ਰਕਿਰਿਆ ਤਹਿਤ ਗੋਦ ਲੈਣ ਵਾਲੀ ਏਜੰਸੀ ਨੂੰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: