ਚੰਡੀਗੜ੍ਹ ਦੇ ਏਲਾਂਤੇ ਮਾਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਥੇ ਬੰਬ ਹੋਣ ਦੀ ਖਬਰ ਮਿਲੀ। ਪੁਲਿਸ ਨੇ ਮਾਲ ਦੇ ਸਾਰੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਮਾਲ ਤੋਂ ਬਾਹਰ ਕੱਢਿਆ। ਮਾਲ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮੌਕੇ ‘ਤੇ ਪੁਲਿਸ ਅਧਿਕਾਰੀਆਂ, ਬੰਬ ਨਿਰੋਧਕ ਦਸਤੇ ਅਤੇ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੇ ਮੋਰਚਾ ਸੰਭਾਲ ਲਿਆ । ਹਾਲਾਂਕਿ, ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਇੱਕ ਚੰਗੀ ਸੋਚੀ ਸਮਝੀ ਰਣਨੀਤੀ ਤਹਿਤ ਮੌਕਡ੍ਰਿਲ ਕੀਤੀ ਗਈ ਸੀ। ਇਸ ਦੌਰਾਨ ਲਗਭਗ ਡੇਢ ਘੰਟੇ ਤੱਕ ਮਾਲ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ।
ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਮਾਲ ਦੇ ਇੱਕ-ਇੱਕ ਸ਼ੋਅਰੂਮ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ। ਡੌਗ ਸਕੁਐਡ ਦੀ ਟੀਮ ਵੀ ਆਲੇ-ਦੁਆਲੇ ਜਾਂਚ ਕਰਦੀ ਨਜ਼ਰ ਆਈ। ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਜਿਸ ਤੋਂ ਬਾਅਦ ਲੋਕਾਂ ਨੂੰ ਮਾਲ ਦੇ ਅੰਦਰ ਜਾਣ ਦਿੱਤਾ ਗਿਆ।
ਏਲਾਂਤੇ ਵਿਚ ਖਰੀਦਦਾਰੀ ਕਰਨ, ਫਿਲਮਾਂ ਦੇਖਣ ਅਤੇ ਸੈਰ ਕਰਨ ਵਾਲੇ ਲੋਕਾਂ ਦੀ ਗਿਣਤੀ ਰੋਜ਼ਾਨਾ ਨਾਲੋਂ ਥੋੜ੍ਹੀ ਜ਼ਿਆਦਾ ਸੀ। ਇਸ ਦੌਰਾਨ ਉਥੋਂ ਦੀ ਪਾਰਕਿੰਗ ਵੀ ਲਗਭਗ ਭਰ ਚੁੱਕੀ ਸੀ। ਘਟਨਾ ਤੋਂ ਬਾਅਦ ਪੁਲਿਸ ਟੀਮ ਨੇ ਮਾਲ ਤੋਂ ਇਲਾਵਾ ਸਾਰੀਆਂ ਪਾਰਕਿੰਗਾਂ ਨੂੰ ਸੀਲ ਕਰ ਦਿੱਤਾ। ਟੀਮ ਨੇ ਪਾਰਕਿੰਗ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਮਾਲ ਦੇ ਬਾਹਰ ਭੀੜ ਇਕੱਠੀ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਥੇ ਇਹ ਦੱਸਣਯੋਗ ਹੈ ਕਿ ਸਾਲ 2019 ਵਿਚ ਵੀ ਏਲਾਂਤੇ ਮਾਲ ਵਿਚ ਬੰਬ ਹੋਣ ਦੀ ਖਬਰ ਮਿਲੀ ਸੀ ਤੇ ਉਸ ਸਮੇਂ ਪੁਲਿਸ ਵੱਲੋਂ ਲਗਭਗ 4 ਘੰਟੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਕੋਈ ਬੰਬ ਨਹੀਂ ਮਿਲਿਆ ਸੀ।