ਪੰਜਾਬ ਕਾਂਗਰਸ ਵਿਚ ਕੁਝ ਵੀ ਠੀਕ ਹੁੰਦਾ ਨਹੀਂ ਜਾਪਦਾ। ਹਾਈ ਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਖੜ੍ਹੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ 20 ਜੂਨ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਬੁਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਸਮਰਥਨ ਵਿਚ ਅੰਮ੍ਰਿਤਸਰ ਵਿਚ ਹੋਰਡਿੰਗਜ਼ ਲਗਾਈਆਂ ਜਾ ਚੁੱਕੀਆਂ ਹਨ। ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਹਨ। ਅੰਮ੍ਰਿਤਸਰ ਵਿੱਚ ਇਹ ਹੋਰਡਿੰਗਜ਼ ਲਗਾਏ ਜਾਣ ਨਾਲ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਕੈਪਟਨ ਤੋਂ ਸਭ ਤੋਂ ਵੱਧ ਨਾਰਾਜ਼ ਹਨ ਅਤੇ ਕਿਸੇ ਵੀ ਕੀਮਤ ‘ਤੇ ਮੰਨਣ ਲਈ ਤਿਆਰ ਨਹੀਂ ਹਨ।
ਨਵਜੋਤ ਸਿੱਧੂ ਨੇ ਪਹਿਲਾਂ ਪਾਰਟੀ ਹਾਈਕਮਾਨ ਅਤੇ ਫਿਰ ਤਿੰਨ ਮੈਂਬਰੀ ਕਮੇਟੀ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕਿਸੇ ਵੀ ਅਹੁਦੇ ‘ਤੇ ਕੰਮ ਕਰਨਾ ਅਸੰਭਵ ਹੈ।
ਸੂਤਰਾਂ ਅਨੁਸਾਰ ਜਦੋਂ ਸਿੱਧੂ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੇ ਨਾ ਸਿਰਫ ਮੁੱਖ ਮੰਤਰੀ ਕੈਪਟਨ ਦਾ ਕੱਚਾ ਚਿੱਠਾ ਖੋਲ੍ਹਿਆ, ਸਗੋਂ ਪੰਜਾਬ ਵਿੱਚ ਅਫਸਰਸ਼ਾਹੀ ਰਾਹੀਂ ਸਰਕਾਰ ਚਲਾਏ ਜਾਣ ਦੀਆਂ ਕਈ ਮਿਸਾਲਾਂ ਪੇਸ਼ ਕਰਦੇ ਹੋਏ ਕਈ ਅਧਿਕਾਰੀਆਂ ਦੇ ਨਾਮ ਵੀ ਗਿਣਾ ਦਿੱਤੇ। ਉਨ੍ਹਾਂ ਕਮੇਟੀ ਨੂੰ ਇਹ ਵੀ ਕਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ ਵਿਧਾਇਕਾਂ, ਨੇਤਾਵਾਂ ਅਤੇ ਵਰਕਰਾਂ ਦੀ ਸਰਕਾਰ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ : ਹੁਣ ਸੋਨੀਆ ਗਾਂਧੀ ਸੁਲਝਾਉਣਗੇ ਪੰਜਾਬ ਕਾਂਗਰਸ ਦਾ ਕਲੇਸ਼, ਕੈਪਟਨ-ਸਿੱਧੂ ਨੂੰ ਹਾਈਕਮਾਨ ਨੇ ਕੀਤਾ ਤਲਬ
ਨਵਜੋਤ ਸਿੱਧੂ ਵੱਲੋਂ ਹਾਈਕਮਾਨ ਅਤੇ ਕਮੇਟੀ ਦੇ ਸਾਹਮਣੇ ਕੀਤੇ ਖੁਲਾਸਿਆਂ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਵਿਚ ਕਾਂਗਰਸ ਵਿਚਲਾ ਘਮਾਸਾਨ ਅਸਾਨੀ ਨਾਲ ਖਤਮ ਨਹੀਂ ਹੋਣ ਵਾਲਾ ਹੈ। ਹਾਈਕਮਾਨ ਸਿੱਧੂ ਨੂੰ ਸੂਬਾ ਕਾਂਗਰਸ ਵਿਚ ਵੱਡਾ ਅਹੁਦਾ ਦੇ ਕੇ ਵਿਵਾਦ ਖ਼ਤਮ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ, ਪਰ ਇਹ ਵੀ ਸਪੱਸ਼ਟ ਹੈ ਕਿ ਜੇ ਸਿੱਧੂ ਰਾਜ ਵਿਚ ਪਾਰਟੀ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਤਾਂ ਉਹ ਕੈਪਟਨ ਦੀ ਨਹੀਂ ਸੁਣਨਗੇ।