ਆਨੰਦਪੁਰ ਸਾਹਿਬ ਤੋਂ ਇੱਕ ਸਿੱਖ ਨੌਜਵਾਨ ਪ੍ਰਦੀਪ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਰੰਗਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੋਲਾ ਮਹੱਲਾ ਮਨਾਉਣ ਗਿਆ ਸੀ। ਇਸ ਮਾਮਲੇ ਦੀਆਂ ਸਾਹਮਣੇ ਆਈਆਂ ਤਸਵੀਰਾਂ ਤੋਂ ਪਤਾ ਲੱਗਾ ਕਿ ਸ਼ਰਾਰਤੀ ਅਨਸਰਾਂ ਤੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰਦੀਪ ਦੇ ਸਰੀਰ ‘ਤੇ ਇੰਨੇ ਜ਼ਖਮ ਸਨ ਕਿ ਉਹ ਆਪਣੀ ਜਾਨ ਨਹੀਂ ਬਚਾ ਸਕਿਆ।
ਕੈਨੇਡਾ ਤੋਂ ਆਏ ਸਿੱਖ ਨੌਜਵਾਨ ਲਈ ਹੋਲਾ ਮਹੱਲਾ ਦਾ ਇਹ ਤਿਉਹਾਰ ਜੋ ਰੰਗ ਤੇ ਗੁਲਾਲ ਦਾ ਤਿਉਹਾਰ ਹੈ, ਉਹ ਖੂਨੀ ਖੇਡ ਬਣ ਗਿਆ, ਪ੍ਰਦੀਪ ਦੀ ਮੌਤ ਨਾਲ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੀ ਮਾਂ ਰੋਂਦੀ ਹੋਈ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਦੀਪ ਨੂੰ ਇਨਸਾਫ਼ ਨਹੀਂ ਮਿਲਦਾ, ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਪ੍ਰਦੀਪ ਦਾ ਪਰਿਵਾਰ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਚਾਚਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰਦੀਪ 29 ਅਗਸਤ ਨੂੰ ਕੈਨੇਡਾ ਤੋਂ ਆਇਆ ਸੀ। ਉਹ ਜਲੰਧਰ ਵਿੱਚ ਕੋਰਸ ਕਰ ਰਿਹਾ ਸੀ। ਉਸ ਦੇ ਤਾਇਆ ਨੇ ਅੱਗੇ ਦੱਸਿਆ ਕਿ 6 ਮਾਰਚ ਦੀ ਰਾਤ ਨੂੰ ਪ੍ਰਦੀਪ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਹੋਲੇ ਮਹੱਲੇ ਲਈ ਚਲਾ ਗਿਆ ਸੀ, ਉੱਥੇ ਉਸ ਦੀ ਸ਼ਰਾਰਤੀ ਅਨਸਰਾਂ ਨਾਲ ਲੜਾਈ ਹੋ ਗਈ।
ਉਨ੍ਹਾਂ ਦੱਸਿਆ ਕਿ ਹੋਲਾ ਮੁਹੱਲਾ ਵਿੱਚ ਅਸ਼ਲੀਲ ਗੀਤ ਵਜਾਏ ਗਏ। ਜਦੋਂ ਪ੍ਰਦੀਪ ਨੇ ਨੌਜਵਾਨਾਂ ਨੂੰ ਹੰਗਾਮਾ ਕਰਨ ਅਤੇ ਗਾਣੇ ਵਜਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਪ੍ਰਦੀਪ ਨੂੰ ਕੁੱਟਿਆ। ਉਸ ਦੇ ਸਰੀਰ ‘ਤੇ ਕਿਰਚ ਵੀ ਮਾਰੀ ਗਈ। ਇਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਪ੍ਰਦੀਪ ਦੇ ਭਰਾ ਨੇ ਦੱਸਿਆ ਕਿ ਕੁਝ ਨੌਜਵਾਨ ਜੀਪ ‘ਤੇ ਆ ਰਹੇ ਸਨ ਅਤੇ ਗਾਣੇ ਗਾ ਰਹੇ ਸਨ। ਜਿਨ੍ਹਾਂ ਨੂੰ ਪ੍ਰਦੀਪ ਵੱਲੋਂ ਰੋਕਿਆ ਗਿਆ ਕਿ ਜੇ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ ਤਾਂ ਅਜਿਹੇ ਗੀਤ ਕਿਉਂ ਵਜਾ ਰਹੇ ਹੋ, ਜਿਸ ਤੋਂ ਬਾਅਦ ਉਸ ਨਾਲ ਲੜਾਈ ਹੋ ਗਈ। ਅਸੀਂ ਉਸ ਨੂੰ ਇਕੱਲੇ ਨਾ ਜਾਣ ਲਈ ਕਿਹਾ, ਪਰ ਕਿਸਮਤ ਨੂੰ ਕੁਝ ਹੋਰ ਵੀ ਮਨਜ਼ੂਰ ਸੀ।
ਇਹ ਵੀ ਪੜ੍ਹੋ : ਪੈਰਾਗਲਾਈਡਿੰਗ ਕਰਦਿਆਂ ਅਟਕੀ ਜਾਨ, 50 ਫੁੱਟ ਉੱਚੇ ਬਿਜਲੀ ਦੇ ਖੰਭੇ ‘ਤੇ ਫਸੇ ਔਰਤ ਤੇ ਟ੍ਰੇਨਰ
ਇਸ ਦੇ ਨਾਲ ਹੀ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਕਤਲ ਦਾ ਦੋਸ਼ੀ ਨਿਰੰਜਨ ਸਿੰਘ ਜੋ ਕਿ ਨੂਰਪੁਰ ਬੇਦੀ ਦੇ ਪਿੰਡ ਰਾਣੋਪਤੀ ਦਾ ਰਹਿਣ ਵਾਲਾ ਹੈ। ਹਾਦਸੇ ਦੀ ਵੀਡੀਓ ਫੁਟੇਜ ਦੀ ਜਾਂਚ ਤੋਂ ਬਾਅਦ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ।
ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਗੁਰੂ ਦੇ ਭਾਣੇ ਵਿਚ ਰਹਿਣ ਵਾਲਾ ਅਤੇ ਸਿੱਖ ਧਰਮ ਦਾ ਪਾਲਣ ਕਰਨ ਵਾਲਾ ਵਿਅਕਤੀ ਸੀ। ਉਹ ਗੁਰੂਘਰ ਮੱਥਾ ਟੇਕਣ ਆਇਆ ਸੀ ਅਤੇ ਇਸ ਪਵਿੱਤਰ ਤਿਉਹਾਰ ਵਿਚ ਉਸ ਦੀ ਜਾਨ ਚਲੀ ਗਈ। ਪੰਜਾਬ ਦਾ ਮਾਹੌਲ ਅਜਿਹਾ ਨਹੀਂ ਸੀ, ਪਰ ਪਤਾ ਨਹੀਂ ਇਸ ਸੂਬੇ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਇਸ ਖੁਸ਼ੀ ਦੇ ਤਿਉਹਾਰ ਵਿੱਚ ਅਜਿਹੀ ਘਟਨਾ ਵਾਪਰਨਾ ਅਤਿ ਨਿੰਦਣਯੋਗ ਹੈ। ਅਜਿਹੇ ਗੁੰਡੇ ਨੌਜਵਾਨਾਂ ‘ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ‘ਚ ਅਜਿਹੀ ਕੋਈ ਘਟਨਾ ਨਾ ਵਾਪਰੇ ਅਤੇ ਕਿਸੇ ਮਾਂ ਦਾ ਜਵਾਨ ਪੁੱਤ ਇਸ ਤੋਂ ਦੂਰ ਨਾ ਰਹੇ।
ਵੀਡੀਓ ਲਈ ਕਲਿੱਕ ਕਰੋ -: