On the instructions : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਨੂੰ 151.45 ਕਰੋੜ ਰੁਪਏ ਦੇ ਬਕਾਏ ਜਾਰੀ ਕੀਤੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ.) ਨੇ ਲਗਭਗ 5000 ਆੜ੍ਹਤੀਆਂ ਨੂੰ ਬਕਾਏ ਦੀ ਅਦਾਇਗੀ ਕਰਨੀ ਸੀ । ਜ਼ਿਕਰਯੋਗ ਹੈ ਕਿ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਆੜ੍ਹਤੀਆਂ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਬਕਾਇਆ ਤੁਰੰਤ ਨਿਪਟਾਰਾ ਕਰਨ ਦੀ ਬੇਨਤੀ ਕੀਤੀ ਸੀ ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਐਫ.ਸੀ.ਆਈ ਦੁਆਰਾ ਭੁਗਤਾਨ ਦੀ ਉਡੀਕ ਕੀਤੇ ਬਿਨਾਂ ਬਕਾਇਆ ਅਦਾਇਗੀ ਜਾਰੀ ਕਰਨ ਦੀ ਹਦਾਇਤ ਕੀਤੀ ਸੀ। ਇਸ ਤੋਂ ਬਾਅਦ, ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮਾਮਲੇ ਦੀ ਪੈਰਵੀ ਕੀਤੀ ਅਤੇ ਆੜ੍ਹਤੀਆਂ ਦੇ ਬਕਾਏ ਦਾ ਨਿਪਟਾਰਾ ਕੀਤਾ।
ਵਿੱਤ ਵਿਭਾਗ ਨੇ 151.45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਸ਼ਰਤ ‘ਤੇ ਕਿ ਫੂਡ ਐਂਡ ਸਿਵਲ ਸਪਲਾਈ ਵਿਭਾਗ ਜਦੋਂ ਵੀ ਐਫ.ਸੀ.ਆਈ ਦੁਆਰਾ ਵਾਪਸ ਕੀਤਾ ਜਾਂਦਾ ਹੈ ਤਾਂ ਸਰਕਾਰੀ ਖਜ਼ਾਨੇ ਨੂੰ ਇਸ ਰਕਮ ਨੂੰ ਜਮ੍ਹਾ ਕਰਾਉਣਾ ਯਕੀਨੀ ਬਣਾਏਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਲਗਭਗ 5000 ਆੜ੍ਹਤੀਆਂ ਨੇ ਸਾਉਣੀ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਪਬਲਿਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀਐਫਐਮਐਸ) ਦੀ ਪਾਲਣਾ ਨਹੀਂ ਕੀਤੀ। ਸਿੱਟੇ ਵਜੋਂ, ਆੜ੍ਹਤੀਆਂ ਦਾ ਕਮਿਸ਼ਨ 151.45 ਕਰੋੜ ਰੁਪਏ ਦੀ ਹੱਦ ਤੱਕ ਐਫਸੀਆਈ ਦੁਆਰਾ ਰੋਕਿਆ ਗਿਆ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੂੰ ਭਰੋਸਾ ਦਿੱਤਾ ਸੀ ਕਿ ਸੂਬਾ ਸਰਕਾਰ ਹਮੇਸ਼ਾਂ ਆੜ੍ਹਤੀਆਂ ਦੇ ਨਾਲ ਖੜੇ ਰਹੇਗੀ।