One Crore Scam by Clerk : ਪੰਜਾਬ ’ਚ ਨੰਗਲ ਦੇ ਇਕ ਸਰਕਾਰੀ ਸਕੂਲ ਦੇ ਕਲਰਕ ਵੱਲੋਂ ਇਕ ਕਰੋੜ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਨੰਗਲ ਪੁਲਿਸ ਵੱਲੋਂ ਕਲਰਕ ਅਤੇ ਪ੍ਰਿੰਸੀਪਲ ਖਿਲਾਫ ਘਪਲੇ ਦਾ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਪ ਮੰਡਲ ਨੰਗਲ ਦੇ ਪਿੰਡ ਕੁਲਗ੍ਰਾਮ ਦਾ ਕਲਰਕ ਰਾਜੀਵ ਕੁਮਾਰ ਸਕੂਲ ਬਿੱਲਾਂ ਨਾਲ ਛੇੜਛਾੜ ਕਰਕੇ ਜਾਅਲੀ ਬਿੱਲ ਬਣਵਾ ਕੇ ਇਹ ਰਕਮ ਆਪਣੇ ਦੋ ਬੈਂਕ ਖਾਤਿਆਂ ਵਿਚ ਟਰਾਂਸਫਰ ਵੀ ਕਰਵਾਉਂਦਾ ਰਿਹਾ। ਇਸੇ ਦੋਸ਼ੀ ਨੇ ਇਕ ਸਾਇੰਸ ਅਧਿਆਪਕ ਦਾ ਫਰਜ਼ੀ ਖਾਤਾ ਵੀ ਖੋਲ੍ਹਿਆ ਹੋਇਆ ਸੀ, ਜਿਸ ਦੀ ਸੈਲਰੀ ਸਣੇ ਉਹ ਉਸ ਨੂੰ ਮਿਲ ਰਹੇ ਹੋਰ ਵੀ ਫਾਇਦੇ ਚੁੱਕ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਰਾਜ ਕੁਮਾਰ ਖੋਸਲਾ ਨੇ ਦੱਸਿਆ ਕਿ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਆਡਿਟ ਵਿਭਾਗ ਨੂੰ ਅਕਾਊਂਟ ਵਿਚ ਕੁਝ ਗੜਬੜੀਆਂ ਮਿਲੀਆਂ। ਇਸ ਤੋਂ ਬਾਅਦ ਆਡਿਟ ਵਿਭਾਗ ਡੀਈਓ ਨੂੰ ਸ਼ਿਕਾਇਤ ਕੀਤੀ ਗਈ ਅਤੇ ਇਸ ਦੀ ਜਾਂਚ ਲਈ ਇਕ ਜ਼ਿਲਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿਚ ਪ੍ਰਿੰਸੀਪਲ ਮੇਜਰ ਸਿੰਘ ਤੇ ਪ੍ਰਿੰਸੀਪਲ ਅਵਤਾਰ ਸਿੰਘ ਜਾਂਚ ਅਧਿਕਾਰੀ ਸਨ।
ਜਾਂਚ ਵਿਚ ਸਕੂਲ ਦਾ ਕਲਰਕ ਤੇ ਪ੍ਰਿੰਸੀਪਲ ਦੋਸ਼ੀ ਪਾਏ ਗਏ, ਜਿਸ ਤੋਂ ਬਾਅਦ 11 ਮਈ 2020 ਨੂੰ ਜ਼ਿਲਾ ਪੁਲਿਸ ਮੁਖੀ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ ਗਈ। 16 ਜੂਨ ਨੂੰ ਨੰਗਲ ਪੁਲਿਸ ਨੇ ਕਲਰਕ ਰਾਜੀਵ ਕੁਮਾਰ ਅਤੇ ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਖਿਲਾਫ 99 ਲੱਖ 27 ਹਜ਼ਾਰ 517 ਦੇ ਘਪਲੇ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਪਾਇਆ ਗਿਆ ਹੈ ਕਿ ਦੋਸ਼ੀ ਕਲਰਕ ਨੇ ਘਪਲੇ ਦੀ ਰਕਮ ਐਸਬੀਆਈ ਬੈਂਕ ਦੇ ਦੋ ਖਾਤਿਆਂ ਵਿਚ ਜਮ੍ਹਾ ਕਰਵਾਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।