ਚੰਡੀਗੜ੍ਹ : ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ, ਤੇਜ ਅਤੇ ਸੁਖਾਲਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਰ ਪ੍ਰਕਾਰ ਦੇ ਦਾਖ਼ਲਿਆਂ ਲਈ ਇੱਕ ਇੰਟੀਗ੍ਰੇਟਡ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 19 ਅਗਸਤ, 2021 ਨੂੰ ਸ਼ੁਰੂ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਹੁਣ ਵਿਦਿਆਰਥੀ ਘਰ ਬੈਠੇ ਹੀ ਵੱਖ -ਵੱਖ ਕਾਲਜਾਂ ਵਿੱਚ ਦਾਖ਼ਲੇ ਲਈ ਅਪਲਾਈ ਕਰ ਸਕਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਪਸੰਦੀਦਾ ਕਾਲਜਾਂ ਵਿੱਚ ਨਿੱਜੀ ਤੌਰ ‘ਤੇ ਜਾਣ ਅਤੇ ਪ੍ਰਾਸਪੈਕਟਸ ਖਰੀਦਣ ਦੀ ਲੋੜ ਨਹੀਂ ਹੋਵੇਗੀ।
ਹੁਣ ਵਿਦਿਆਰਥੀ ਆਪਣੇ ਮੋਬਾਈਲ ‘ਤੇ ਆਨਲਾਈਨ ਫਾਰਮ ਭਰ ਕੇ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਦਾਖ਼ਲਾ ਪ੍ਰਕਿਰਿਆ ਸਪਸਟ ਨਹੀਂ ਸੀ। ਦਾਖ਼ਲਾ ਪ੍ਰਕਿਰਿਆ ਬਹੁਤ ਗੁੰਝਲਦਾਰ ਸੀ ਅਤੇ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਪੋਰਟਲਾਂ ‘ਤੇ ਅਪਲਾਈ ਕਰਨ ਵਿੱਚ ਕਈ ਦਿੱਕਤਾਂ ਦਰਪੇਸ਼ ਆਉਂਦੀਆਂ ਸਨ।
ਉਨ੍ਹਾਂ ਦੱਸਿਆ ਕਿ ਹਰ ਤਰ੍ਹਾਂ ਦੇ ਦਾਖ਼ਲਿਆਂ ਲਈ ਇੰਟੀਗ੍ਰੇਟਿਡ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਨੂੰ ਸ਼ੁਰੂ ਕਰਨਾ ਸਮੇਂ ਦੀ ਲੋੜ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਇੱਕ ਯੂਨੀਫਾਈਡ ਸਟੇਟ ਐਡਮਿਸ਼ਨ ਪੋਰਟਲ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਹੁਣ ਜਲੰਧਰ ਦੇ ਸਕੂਲ ‘ਚ ਬੱਚੇ ਦੀ ਰਿਪੋਰਟ ਆਈ Corona Positive
ਇਸ ਕਾਮਨ ਦਾਖ਼ਲਾ ਪੋਰਟਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿਚਲੇ ਸਾਰੇ ਯੂ.ਜੀ. ਅਤੇ ਪੀ.ਜੀ. ਕੋਰਸਾਂ ਲਈ ਇਕੋ ਦਾਖ਼ਲਾ ਪਲੇਟਫਾਰਮ ਮੁਹੱਈਆ ਕਰਵਾਉਣਾ, 100 ਫ਼ੀਸਦੀ ਸੰਪਰਕ ਰਹਿਤ ਦਾਖ਼ਲਾ (ਬਿਨੈਕਾਰਾਂ ਨੂੰ ਦਾਖ਼ਲੇ ਲਈ ਕਿਸੇ ਵੀ ਕਾਲਜ ਵਿੱਚ ਨਿੱਜੀ ਤੌਰ ‘ਤੇ ਜਾਣਾ ਨਹੀਂ ਪਵੇਗਾ), ਕਈ ਕਾਲਜਾਂ ਲਈ ਸਿਰਫ਼ ਇੱਕ ਅਰਜ਼ੀ ਫਾਰਮ (ਭਾਵ ਬਿਨੈਕਾਰਾਂ ਨੂੰ ਅਰਜੀ ਫਾਰਮ ਭਰਨ ਲਈ ਵੱਖਰੇ ਤੌਰ ‘ਤੇ ਇੱਕ ਕਾਲਜ ਤੋਂ ਦੂਜੇ ਕਾਲਜ ਵਿੱਚ ਘੁੰਮਣਾ ਨਹੀਂ ਪਵੇਗਾ), ਅਰਜ਼ੀ ਫਾਰਮ ਦੀ ਫਿਕਸਡ ਫੀਸ ਸਿਰਫ਼ 200 ਰੁਪਏ (ਬਿਨੈਕਾਰਾਂ ਨੂੰ ਅਪਲਾਈ ਕਰਦੇ ਸਮੇਂ ਹਰ ਕਾਲਜ ਵਿੱਚ ਵੱਖਰੇ ਤੌਰ ‘ਤੇ ਪ੍ਰਾਸਪੈਕਟਸ ਫੀਸ ਨਹੀਂ ਦੇਣੀ ਪਵੇਗੀ), ਬਿਨੈਕਾਰਾਂ ਦੀ ਸੰਪਰਕ ਰਹਿਤ ਤਸਦੀਕ (ਸਟੇਟ ਪੋਰਟਲ ਡਿਜੀਲਾਕਰ ਜ਼ਰੀਏ ਸਾਰੇ ਰਾਜ ਬੋਰਡਾਂ ਅਤੇ ਸੀਬੀਐਸਈ ਨਾਲ ਜੁੜਿਆ ਹੋਇਆ ਹੈ), ਇਸ ਲਈ ਮੈਨੂਅਲ ਤਸਦੀਕ ਦੀ ਲੋੜ ਨਹੀਂ, ਸ਼ਾਮਲ ਹਨ। ਇਸੇ ਤਰ੍ਹਾਂ ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ.) ਅਤੇ ਬਿਨੈਕਾਰ ਦੀ ਰਿਹਾਇਸ਼ ਸਬੰਧੀ ਸਰਟੀਫਿਕੇਟ ਢਾਂਚਾਗਤ ਪੋਰਟਲ ਜ਼ਰੀਏ ਸਵੈ -ਤਸਦੀਕ ਹੋ ਜਾਂਦੇ ਹਨ ਅਤੇ ਰਾਜ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਫ਼ੀਸ ਨਿਰਧਾਰਤ ਕੀਤੀ ਜਾਂਦੀ ਹੈ।