ਸੈਲੀਬ੍ਰਿਟੀ ਕ੍ਰਿਕਟ ਲੀਗ ਵਿਚ ਸ਼ਾਮਲ ਭੋਜਪੁਰ ਦਬੰਗਸ ਕ੍ਰਿਕਟ ਟੀਮ ਦੇ ਮਾਲਕ ਆਨੰਦ ਬਿਹਾਰੀ ਯਾਦਵ ਨੂੰ ਮੋਹਾਲੀ ਪੁਲਿਸ ਨੇ 4.15 ਕਰੋੜ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ 11 ਮਾਰਚ ਨੂੰ ਜੋਧਪੁਰ ਵਿਚ ਸੀਸੀਐੱਲ ਦੇ ਇਕ ਮੈਚ ਤੋਂ ਪਹਿਲਾਂ ਹੋਟਲ ਦੇ ਕਮਰੇ ਵਿਚ ਫੜਿਆ ਗਿਆ। ਆਨੰਦ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਅੱਜ ਮੋਹਾਲੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮੋਹਾਲੀ ਪੁਲਿਸ ਨੂੰ ਬੀਤੇ ਸਾਲ 12 ਸਤੰਬਰ ਨੂੰ ਡਾਕ ਤੋਂ ਇਕ ਪੱਤਰ ਮਿਲਿਆ ਸੀ। ਪੱਤਰ ਭੇਜਣ ਵਾਲੇ ਢਕੋਲੀ ਵਾਸੀ ਮੁਕੇਸ਼ ਦੇਵਨ ਨੇ ਮੋਹਾਲੀ ਦੇ ਤਤਕਾਲੀ ਐੱਸਐੱਸਪੀ ਡਾ. ਵਿਵੇਕਸ਼ੀਲ ਸੋਨੀ ਨੂੰ ਦੱਸਿਆ ਸੀ ਕਿ ਵਾਰਾਣਸੀ ਵਾਸੀ ਆਨੰਦ ਬਿਹਾਰੀ ਯਾਦਵ ਉਨ੍ਹਾਂ ਤੋਂ ਅਵਿਕਾ ਏਅਰਲਾਈਨਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕ ਦੇ ਤੌਰ ‘ਤੇ ਮਿਲਿਆ ਸੀ। ਹੌਲੀ-ਹੌਲੀ ਦੋਵਾਂ ਦੀ ਦੋਸਤੀ ਹੋ ਗਈ। ਇਸ ਦੌਰਾਨ ਦੋਵਾਂ ਵਿਚ ਇਕੱਠਾ ਮਿਲ ਕੇ ਕੰਮ ਕਰਨ ਦੀ ਗੱਲ ਹੋਈ। ਯਾਦਵ ਨੇ ਅਵਿਕਾ ਏਅਰਲਾਈਨਸ ਵਿਚ 10.15 ਫੀਸਦੀ ਦੀ ਹਿੱਸੇਦਾਰੀ ਦੇ ਕੇ ਮੁਕਤੇਸ਼ ਨੂੰ ਕੰਪਨੀ ਦਾ ਡਾਇਰੈਕਟਰ ਬਣਾ ਦਿੱਤਾ। ਕੁਝ ਦਿਨਾਂ ਬਾਅਦ ਉਸ ਨੇ ਕੰਪਨੀ ਦੇ ਵਿੱਤੀ ਘਾਟੇ ਵਿਚ ਹੋਣ ਦੀ ਗੱਲ ਕਹਿ ਕੇ ਕੁਝ ਹੋਰ ਰਕਮ ਕੰਪਨੀ ਵਿਚ ਲਗਾਉਣ ਦੀ ਗੱਲ ਕਹੀ।
ਮੁਕਤੇਸ਼ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੋਂ ਕਰਜ਼ ਲੈ ਕੇ ਵੱਖ-ਵੱਖ ਸਮੇਂ ‘ਤੇ ਕੁਆਲ 4.15 ਕਰੋੜ ਰੁਪਏ ਉਸ ਨੂੰ ਦਿੱਤੀ ਪਰ ਮੁਲਜ਼ਮ ਨੇ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਕੰਪਨੀ ਵਿਚ ਨਾ ਕਰਕੇ ਵਿਅਕਤੀਗਤ ਤੌਰ ‘ਤੇ ਕਰ ਲਿਆ। ਜਦੋਂ ਇਨ੍ਹਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣਾ ਪੈਸਾ ਵਾਪਸ ਮੰਗਿਆ ਪਰ ਮੁਲਜ਼ਮ ਨੇ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਉਨ੍ਹਾਂ ਖਿਲਾਫ ਹੀ ਕਈ ਸੂਬਿਆਂ ਵਿਚ ਕੇਸ ਦਰਜ ਕਰਵਾ ਦਿੱਤਾ। ਮੋਹਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਬਾਅਦ ਮੁਕਤੇਸ਼ ਦੀਵਾਨ ਦੀ ਸ਼ਿਕਾਇਤ ‘ਤੇ ਮੁਲਜ਼ਮ ਆਨੰਦ ਬਿਹਾਰੀ ਯਾਦਵ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਪਠਾਨਕੋਟ : ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 15 ਦੋਪਹੀਆ ਵਾਹਨਾਂ ਸਣੇ 2 ਗ੍ਰਿਫਤਾਰ
ਜਦੋਂ ਮੁਕਤੇਸ਼ ਨੇ ਮੁਲਜ਼ਮ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੀੜਤ ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਕਿਹਾ ਸੀ ਕਿ ਸਥਾਨਕ ਪੁਲਿਸ,ਪ੍ਰਸ਼ਾਸਨ ਤੇ ਕਈ ਦਬੰਗਾਂ ਨਾਲਉਸ ਦੇ ਸੰਪਰਕ ਹਨ। ਜੇਕਰ ਉਸ ਨੇ ਕੋਈ ਗਲਤ ਹਰਕਤ ਕੀਤੀ ਤਾਂ ਉਹ ਉਸ ਨੂੰ ਪਰਿਵਾਰ ਸਣੇ ਖਤਮ ਕਰ ਦੇਵੇਗਾ। ਪੀੜਤ ਮੁਕਤੇਸ਼ ਨੇ ਦੱਸਿਆ ਕਿ ਇਕ ਵਾਰ ਉਸ ਨੇ ਕਿਸੇ ਜਾਣਕਾਰ ਜ਼ਰੀਏ ਸਮਝੌਤੇ ਦੀ ਗੱਲ ਵੀ ਚਲਾਈ ਜਿਸ ਵਿਚ ਪੈਸੇ ਦੇਣ ਲਈ ਤਿਆਰ ਹੋ ਗਿਆ ਸੀ। ਇਸ ਲਈ ਇਕ ਲਿਖਤ ਸਮਝੌਤਾ ਵੀ ਤਿਆਰ ਹੋਇਆ ਸੀ। ਉਸ ਸਮੇਂ ਮੁਲਜ਼ਮ ਨੇ ਕੁਝ ਬੈਂਕ ਚੈੱਕ ਪੀੜਤ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਂ ‘ਤੇ ਅੱਗੇ ਦੀਆਂ ਤਰੀਕਾਂ ਵਿਚ ਜਾਰੀ ਕੀਤੇ ਸਨ ਪਰ ਬਾਅਦ ਵਿਚ ਵਾਅਦੇ ਤੋਂ ਮੁਕਰ ਗਿਆ ਸੀ ਤੇ ਦੁਬਾਰਾ ਤੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਪੀੜਤ ਮੁਕਤੇਸ਼ ਦੇਵਨ ਨੇ ਦੱਸਿਆ ਕਿ ਮੁਲਜ਼ਮ ਦੇ ਸਬੰਧ ਕਈ ਸਿਆਸੀ ਪਾਰਟੀਆਂ ਨਾਲ ਹਨ। ਉਹ ਕਈ ਵਾਰ ਪਰਿਵਾਰ ਨੂੰ ਮਾਰਨ ਦੀ ਧਮਕੀ ਦੇ ਚੁੱਕਾ ਹੈ। ਇਸ ਲਈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਨਾਲ ਇਨਸਾਫ ਦੀ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -: