ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਹ ਇਸ ਵੇਲੇ ਹਸਪਤਾਲ ਵਿੱਚ ਕਾਫੀ ਔਖੇ ਸਮੇਂ ਤੋਂ ਲੰਘ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦਿਹਾਂਤ ਦੀ ਖਬਰਾਂ ਵੀ ਚੱਲ ਰਹੀਆਂ ਹਨ, ਇਸ ਮਗਰੋਂ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਸ਼ਾਮ ਕਰੀਬ ਸਵਾ ਪੰਜ ਵਜੇ ਦੇ ਆਲੇ-ਦੁਆਲੇ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲੀ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਪਰਵੇਜ਼ ਮੁਸੱਰਫ਼ ਦੇ ਪਰਿਵਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਵੈਂਟੀਲੇਟਰ ‘ਤੇ ਨਹੀਂ ਹਨ। ਉਨ੍ਹਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋਣ ਕਰਕੇ ਉਹ ਪਿਛਲੇ 3 ਹਫਤਿਆਂ ਤੋਂ ਹਸਪਤਾਲ ਵਿੱਚ ਭਰਤੀ ਹਨ। ਉਹ ਕਾਫੀ ਮੁਸ਼ਕਲ ਦੌਰ ਤੋਂ ਲੰਘ ਰਹੇ ਹਨ ਤੇ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਕਾਫੀ ਘੱਟ ਹੈ। ਉਨ੍ਹਾਂ ਦੇ ਜ਼ਿਆਦਾ ਅੰਗ ਹੁਣ ਕੰਮ ਨਹੀਂ ਕਰ ਰਹੇ ਹਨ। ਤੁਸੀਂ ਸਾਰੇ ਉਨ੍ਹਾਂ ਲਈ ਦੁਆ ਕਰੋ।
ਉਹ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਇਸ ਤੋਂ ਇਲਾਵਾ ਉਹ ਦੇਸ਼ ਦੇ ਆਰਮੀ ਚੀਫ ਵੀ ਰਹੇ ਸਨ। ਭਾਰਤ ਨਾਲ ਕਾਰਗਿਲ ਜੰਗ ਲਈ ਮੁਸ਼ੱਰਫ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਉਸ ਵੇਲੇ ਪਰਵੇਜ਼ ਮੁਸ਼ੱਰਫ਼ ਨੂੰ ਲੱਗਦਾ ਸੀ ਕਿ ਕਾਰਗਿਲ ‘ਚ ਘੁਸਪੈਠ ਕਰਕੇ ਪਾਕਿਸਤਾਨ ਭਾਰਤ ‘ਤੇ ਰਣਨੀਤਕ ਪਕੜ ਹਾਸਲ ਕਰ ਲਵੇਗਾ, ਪਰ ਅਜਿਹਾ ਨਹੀਂ ਹੋ ਸਕਿਆ।
ਇਸ ਦੇ ਉਲਟ ਸੈਂਕੜੇ ਪਾਕਿਸਤਾਨੀ ਫੌਜੀਆਂ ਨੂੰ ਜੰਗ ਵਿੱਚ ਆਪਣੀ ਜਾਨ ਗੁਆਉਣੀ ਪਈ। ਇਸ ਫੈਸਲੇ ਤੋਂ ਬਾਅਦ ਵੀ ਉਹ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇ ਰਹੇ। ਦੱਸ ਦੇਈਏ ਕਿ ਪਰਵੇਜ਼ ਮੁਸ਼ੱਰਫ ਛੇ ਸਾਲ ਪਹਿਲਾਂ ਇਲਾਜ ਲਈ ਦੁਬਈ ਗਏ ਸਨ ਅਤੇ ਉਸ ਤੋਂ ਬਾਅਦ ਕਦੇ ਵੀ ਆਪਣੇ ਦੇਸ਼ ਪਾਕਿਸਤਾਨ ਨਹੀਂ ਪਰਤੇ। ਮੁਸ਼ੱਰਫ ਨੂੰ ਹਮੇਸ਼ਾ ਡਰ ਰਿਹਾ ਹੈ ਕਿ ਜੇ ਉਹ ਆਪਣੇ ਦੇਸ਼ ਪਰਤੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਮੁਸ਼ੱਰਫ 1999 ਵਿੱਚ ਸੱਤਾ ਦਾ ਤਖ਼ਤਾ ਪਲਟ ਕਰਕੇ ਪਾਕਿਸਤਾਨ ਦੇ 10ਵੇਂ ਰਾਸ਼ਟਰਪਤੀ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮਹਾਦੋਸ਼ ਦੀ ਕਾਰਵਾਈ ਤੋਂ ਬਚਣ ਲਈ ਸਾਲ 2008 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 2007 ਵਿੱਚ ਨਵਾਜ਼ ਸ਼ਰੀਫ਼ ਦੀ ਪਾਰਟੀ PML-N ਦੀ ਸਰਕਾਰ ਨੇ ਗੈਰ-ਸੰਵਿਧਾਨਕ ਐਮਰਜੈਂਸੀ ਲਗਾਉਣ ਲਈ ਪਰਵੇਜ਼ ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਸੀ।
ਇਸ ਮਾਮਲੇ ‘ਤੇ 17 ਦਸੰਬਰ 2019 ਨੂੰ ਸੁਣਵਾਈ ਕਰਦਿਆਂ ਪਾਕਿਸਤਾਨ ਦੀ ਅਦਾਲਤ ਦੀ ਵਿਸ਼ੇਸ਼ ਬੈਂਚ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਕੁਝ ਲੋਕ ਉਨ੍ਹਾਂ ਦੀ ਮੌਤ ਦੀ ਖਬਰ ਨੂੰ ਝੂਠ ਵੀ ਦੱਸ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: