ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਸੰਪੰਨ ਹੋ ਚੁੱਕਾ ਹੈ। ਨਵੀਂ ਜੋੜੀ ਨੂੰ ਵਧਾਈਆਂ ਤੇ ਅਸ਼ੀਰਵਾਦ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਸੀ.ਐੱਮ. ਹਾਊਸ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਘਰ ਦੇ ਬਾਹਰ ਲੱਡੂ ਵੰਡੇ ਜਾ ਰਹੇ ਹਨ।
ਕੈਨੇਡਾ ਦੇ ਦੂਤਘਰ ਦੇ ਕੌਂਸਲ ਜਨਰਲ ਪੈਟ੍ਰਿਕ ਹੇਬਰਟ ਨੇ ਵੀ ਸੀ.ਐੱਮ. ਮਾਨ ਨੂੰ ਵਧਾਈ ਦਿੱਤੀ। ਹੇਬਰਟ ਨੇ ਟਵੀਟ ਕਰਕੇ ਲਿਖਿਆ ਕਿ ਚੰਡੀਗੜ੍ਹ ‘ਚ ਵਿਆਹ ਲਈ ਬਹੁਤ ਖੂਬਸੂਰਤ ਦਿਨ। ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ ਅਤੇ ਸੁਖੀ ਜ਼ਿੰਦਗੀ ਦੀਆਂ ਸ਼ੁਭਕਾਮਨਾਵਾਂ!”
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ ਹੋਵੇ। ਸਿੱਖ ਰੀਤੀ ਰਿਵਾਜਾਂ ਅਨੁਸਾਰ ਸੀਐਮ ਮਾਨ ਨੇ ਸੀਐਮ ਹਾਊਸ ਅੰਦਰ ਆਨੰਦ ਕਾਰਜ ਕਰਵਾਏ।
ਕੇਜਰੀਵਾਲ ਨੇ ਸੀ.ਐੱਮ. ਮਾਨ ਦੇ ਵਿਆਹ ਵਿੱਚ ਪਿਤਾ ਦੀਆਂ ਰਸਮਾਂ ਨਿਭਾਈਆਂ, ਜਦਕਿ ਰਾਘਵ ਚੱਢਾ ਨੇ ਭਰਾ ਦੀਆਂ ਰਸਮਾਂ ਨਿਭਾਈਆਂ। ਮੁੱਖ ਮੰਤਰੀ ਦਾ ਭਾਣਜਾ ਉਨ੍ਹਾਂ ਦਾ ਸਰਬਾਲਾ ਬਣਿਆ।
ਵਿਆਹ ਤੋਂ ਬਾਅਦ ਨਵੀਂ ਜੋੜੀ ਨੇ ਪ੍ਰਹੁਣਿਆਂ ਨਾਲ ਰੋਟੀ ਖਾਧੀ। ਸੀ.ਐੱਮ. ਮਾਨ ਦੀ ਮਾਂ ਨੇ ਪੁੱਤ-ਨੂੰਹ ਨੂੰ ਅਸ਼ੀਰਵਾਦ ਦਿੱਤਾ। ਮਾਂ ਦੇ ਕਹਿਣ ‘ਤੇ ਹੀ ਸੀ.ਐੱਮ. ਮਾਨ ਨੇ ਦੂਜਾ ਵਿਆਹ ਕੀਤਾ ਹੈ।
ਆਨੰਦਕਾਰਜ ਲਈ ਜਾਣ ਵੇਲੇ ਵੀ ਮਾਨ ਦਾ ਮਜ਼ਾਕੀਆ ਅੰਦਾਜ਼ ਨਜ਼ਰ ਆਇਆ। ਅਸਲ ਵਿਚ ਜਦੋਂ ਲਾੜੀ ਦੀਆਂ ਭੈਣਾਂ ਨੇ ਉਨ੍ਹਾਂ ਦਾ ਰਾਹ ਰੋਕਿਆ ਤਾਂ ਮਾਨ ਨੇ ਉਨ੍ਹਾਂ ਨੂੰ ਮੁੰਦਰੀਆਂ ਦਿੱਤੀਆਂ। ਇਸ ਮਗਰੋਂ ਸੀ.ਐੱਮ. ਮਾਨ ਨੇ ਰਿਬਨ ਕੱਟਣ ਲਈ ਕੈਂਚੀ ਮੰਗੀ ਤਾਂ ਉਨ੍ਹਾਂ ਦੀਆਂ ਸਾਲੀਆਂ ਨੇ ਕਿਹਾ ਕਿ ਉਹ ਨਹੀਂ ਲਿਆਏ। ਇਸ ‘ਤੇ ਸੀ.ਐੱਮ. ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਆਪਣਾ ਇਕਵਿਪਮੈਂਟ ਲੈ ਕੇ ਨਹੀਂ ਆਏ। ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਕੈਂਚੀ ਦਿੱਤੀ ਗਈ ਤੇ ਰਿਬਨ ਕੱਟ ਕੇ ਉਹ ਆਨੰਦਕਾਰਜ ਲਈ ਅੱਗੇ ਵਧੇ।
32 ਸਾਲਾਂ ਗੁਰਪ੍ਰੀਤ ਕੌਰ ਸੀ.ਐੱਮ. ਮਾਨ ਤੋਂ 16 ਸਾਲ ਛੋਟੀ ਹੈ। ਦੋਵਾਂ ਵਿਚਾਲੇ ਲਗਭਗ ਚਾਰ ਸਾਲ ਪਹਿਲਾਂ ਮੁਲਾਕਾਤ ਹੋਈ ਸੀ। ਸੀ.ਐੱਮ. ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲੀ ਪਤਨੀ ਨਾਲ ਤਲਾਕ 2015 ਵਿੱਚ ਹੋਇਆ ਸੀ। ਪਹਿਲੇ ਵਿਆਹ ਤੋਂ ਸੀ.ਐੱਮ. ਮਾਨ ਦੇ 2 ਬੱਚੇ ਦਿਲਸ਼ਾਨ (17) ਤੇ ਸੀਰਤ (21) ਹੈ ਅਤੇ ਉਹ ਮਾਂ ਦੇ ਨਾਲ ਅਮਰੀਕਾ ਵਿੱਚ ਰਹਿੰਦੇ ਹਨ।