ਲੀਬੀਆ ‘ਚ ਫਸੇ ਪੰਜਾਬ-ਹਿਮਾਚਲ ਅਤੇ ਬਿਹਾਰ ਦੇ ਲੋਕ ਹੌਲੀ-ਹੌਲੀ ਆਪਣੇ-ਆਪਣੇ ਘਰਾਂ ‘ਚ ਪਹੁੰਚ ਗਏ ਹਨ, ਪਰ ਜੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਜਲਦ ਭਾਰਤ ਲਿਆਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਉਥੋਂ ਲੋਕ ਜਿਊਂਦੇ ਨਹੀਂ ਸਗੋਂ ਉਨ੍ਹਾਂ ਦੀਆਂ ਲਾਸ਼ਾਂ ਹੀ ਵਤਨ ਵਾਪਸ ਆਉਂਦੀਆਂ। ਲੀਬੀਆ ਦੇ ਬੇਂਗਾਜੀ ਵਿੱਚ ਸਥਿਤ ਐੱਲਸੀਸੀ ਸੀਮੈਂਟ ਕੰਪਨੀ ਨੂੰ ਭਾਰਤੀ ਏਜੰਟ ਨੇ ਲੇਬਰ ਮੁਹੱਈਆ ਨਹੀਂ ਕਰਵਾਈ ਸੀ ਸਗੋਂ ਸਾਰਿਆਂ ਨੂੰ 3-3 ਹਜ਼ਾਰ ਡਾਲਰ ਵਿੱਚ ਵੇਚ ਦਿੱਤਾ ਸੀ।
ਲੀਬੀਆ ਦੇ ਬੇਂਗਾਜੀ ਵਿੱਚ ਐਲਸੀਸੀ ਸੀਮੈਂਟ ਫੈਕਟਰੀ ਵਿੱਚ ਬੰਧਕ ਬਣਾਏ ਗਏ ਹਿਮਾਚਲ ਅਤੇ ਬਿਹਾਰ ਦੇ ਪੰਜਾਬੀਆਂ ਨੂੰ ਨਾ ਤਾਂ ਸਮੇਂ ਸਿਰ ਖਾਣਾ ਮਿਲਿਆ ਅਤੇ ਨਾ ਹੀ ਪੀਣ ਲਈ ਪਾਣੀ। ਹਾਲਾਤ ਇਹ ਬਣ ਗਏ ਸਨ ਕਿ ਕਈ ਲੋਕਾਂ ਨੇ ਵਿੱਚ ਹੀ ਆਪਮੀ ਜ਼ਿੰਦਗੀ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਕੰਪਨੀ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਰਖਿਆ ਸੀ। ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ।
ਲੀਬੀਆ ਤੋਂ ਵਾਪਸ ਆਏ ਪਿੰਡ ਨੂਰਪੁਰ ਰਾਜਪੂਤ ਜ਼ਿਲ੍ਹਾ ਕਪੂਰਥਲਾ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਰਾਈਵਰ ਦੀ ਨੌਕਰੀ ਲਈ ਪਿਛਲੇ ਸਾਲ ਦਸੰਬਰ ਵਿੱਚ ਦੁਬਈ ਗਿਆ ਸੀ ਪਰ ਦੁਬਈ ਪਹੁੰਚਦਿਆਂ ਹੀ ਉਸ ਨੂੰ ਸਾਥੀਆਂ ਸਣੇ ਲੀਬੀਆ ਭੇਜ ਦਿੱਤਾ ਗਿਆ। ਲੀਬੀਆ ਪਹੁੰਚ ਕੇ ਐਲਸੀਸੀ ਸੀਮੈਂਟ ਫੈਕਟਰੀ ਦੀ ਹਾਲਤ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਨਾ ਤਾਂ ਰਹਿਣ ਲਈ ਥਾਂ ਸੀ ਤੇ ਨਾ ਹੀ ਖਾਣ ਲਈ ਕੁਝ, ਫਿਰ ਕਿਸੇ ਤਰ੍ਹਾਂ ਭਾਂਡੇ ਅਤੇ ਖਾਣ-ਪੀਣ ਦਾ ਸਮਾਨ ਲਿਆ। ਕਈ ਦਿਨ ਬਾਸੀ ਖਾਣਾ ਖਾਧਾ। ਫੈਕਟਰੀ ਤੋਂ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਕਈ ਦਿਨ ਭੁੱਖੇ ਕੱਟੇ।
ਇਹ ਵੀ ਪੜ੍ਹੋ : 328 ਪਾਵਨ ਸਰੂਪਾਂ ਦੀ ਨਹੀਂ ਹੋਈ ਸੀ ਬੇਅਦਬੀ, ਸ਼੍ਰੋਮਣੀ ਕਮੇਟੀ ਨੇ ਜਾਂਚ ਰਿਪੋਰਟ ਕੀਤੀ ਜਨਤਕ
ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਤੋਂ ਕਰੀਬ 18 ਘੰਟੇ ਕੰਮ ਕਰਵਾਇਆ ਗਿਆ ਅਤੇ ਜੇ ਕੋਈ ਇਸ ਦਾ ਵਿਰੋਧ ਕਰਦਾ ਤਾਂ ਉਸ ਨੂੰ ਕੁੱਟਿਆ ਜਾਂਦਾ। ਸਾਥੀਆਂ ਨੇ ਜਦੋਂ ਭਾਰਤ ਵਾਪਸ ਜਾਣ ਲਈ ਕਿਹਾ ਤਾਂ ਅੱਗੋਂ ਜਵਾਬ ਮਿਲਿਆ ਕਿ ਸਾਰੇ 3-3 ਹਜ਼ਾਰ ਡਾਲਰ ਵਿੱਚ ਖਰੀਦੇ ਗਏ ਹਨ। 3-3 ਹਜ਼ਾਰ ਡਾਲਰ ਦੇ ਦਿਓ ਅਤੇ ਇੱਥੋਂ ਚਲੇ ਜਾਓ। ਨਹੀਂ ਤਾਂ ਸਾਰੀ ਉਮਰ ਇਸੇ ਤਰ੍ਹਾਂ ਹੀ ਰਹਿਣਾ ਪਵੇਗਾ ਤੇ ਕੰਮ ਵੀ ਕਰਨਾ ਪਏਗਾ।
ਲੀਬੀਆ ਤੋਂ ਪਰਤੇ ਲੋਕਾਂ ਨੇ ਦੱਸਿਆ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਕੁਝ ਸਾਥੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: