Piles of used PPE kits : ਸੰਗਰੂਰ ਦੇ ਭਵਾਨੀਗੜ੍ਹ ਵਿਚ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਨਦਾਮਪੁਰ ਦੇ ਰਸਤੇ ’ਤੇ ਮੌਜੂਦ ਨਹਿਰ ਦੇ ਕੰਢੇ ਤਿੰਨ ਥਾਵਾਂ ’ਤੇ ਇਸਤੇਮਾਲ ਕੀਤੀਆਂ ਹੋਈਆਂ ਪੀਪੀਈ ਕਿੱਟਾਂ ਮਿਲੀਆਂ। ਸਵੇਰੇ ਜਦੋਂ ਲੋਕਾਂ ਨੇ ਇਨ੍ਹਾਂ ਪੀਪੀਈ ਕਿੱਟਾਂ ਦਾ ਢੇਰ ਉਥੇ ਲੱਗਾ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ, ਸਿਹਤ ਵਿਭਾਗ ਤੇ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਇਨ੍ਹਾਂ ਕਿੱਟਾਂ ਨੂੰ ਟਿਕਾਣੇ ਲਗਾਇਆ।
ਮੌਕੇ ’ਤੇ ਪਹੁੰਚੀ ਸਿਹਤ ਵਿਭਾਗ ਦੇ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਸਭ ਤੋਂ ਪਹਿਲਾਂ ਦੋਵੇਂ ਪਾਸਿਓਂ ਰਸਤਾ ਚਾਰੇ ਪਾਸਿਓਂ ਸੀਲ ਕਰ ਦਿੱਤਾ ਅਤੇ ਲੋਕਾਂ ਨੂੰ ਨੇੜੇ ਨਾ ਆਉਣ ਦੀ ਚਿਤਾਵਨੀ ਦਿੱਤੀ। ਪੀਪੀਈ ਕਿੱਟਾਂ ਇਸ ਤਰ੍ਹਾਂ ਇਥੇ ਲਿਆ ਕੇ ਸੁੱਟਣਾ ਇਕ ਵੱਡੀ ਲਾਪਰਵਾਹੀ ਹੈ। ਇਹ ਪੀਪੀਈ ਕਿੱਟਾਂ ਇਥੇ ਕਿਸ ਵੱਲੋਂ ਸੁੱਟੀਆਂ ਗਈਆਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਤੁਰੰਤ ਮੈਡੀਕਲ ਬਾਇਓਵੇਸਟ ਚੁੱਕਣ ਵਾਲੀ ਕੰਪਨੀ ਦੀ ਟੀਮ ਨੂੰ ਬੁਲਾ ਕੇ ਇਹ ਪੀਪੀਈ ਕਿੱਟਾ ਸੜਕ ਤੋਂ ਹਟਵਾਈਆਂ ਗਈਆਂ।
ਲੋਕਾਂ ਨੇ ਦੱਸਿਆ ਕਿ ਮੁੱਖ ਰਸਤੇ ’ਤੇ ਰਾਤ ਵੇਲੇ ਕਿਸੇ ਨੇ ਵੱਡੀ ਗਿਣਤੀ ’ਚ ਇਸਤੇਮਾਲ ਕੀਤੀਆਂ ਪੀਪੀਈ ਕਿੱਟਾਂ ਸੁੱਟੀਆਂ ਹਨ। ਜੇਕਰ ਇਹ ਕਿੱਟਾਂ ਨਹਿਰ ਵਿਚ ਸੁੱਟੀਆਂ ਜਾਂਦੀਆਂ ਇਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਸਿਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਇਸਤੇਮਾਲ ਕੀਤੀਆਂ ਗਈਆਂ ਕਿੱਟਾਂ ਨੂੰ ਖੁੱਲ੍ਹੇ ਵਿਚ ਸੁੱਟਣਾ ਬਹੁਤ ਹੀ ਖਤਰਨਾਕ ਹੈ। ਜੇਕਰ ਕੋਈ ਵਿਅਕਤੀ ਜਾਂ ਬੇਜ਼ੁਬਾਨ ਜਾਨਵਰ ਇਨ੍ਹਾਂ ਨੂੰ ਛੂਹ ਲੈਂਦਾ ਤਾਂ ਕੋਰੋਨਾ ਵਾਇਰਸ ਫੈਲਣ ਦਾ ਡਰ ਸੀ। ਉਧਰ ਸੀਨੀਅਰ ਮੈਡੀਕਲ ਅਫਸਰ ਭਵਾਨੀਗੜ੍ਹ ਡਾ. ਪ੍ਰਵੀਣ ਗਰਗ ਨੇ ਕਿਹਾ ਕਿ ਇਹ ਬੇਹੱਦ ਹੀ ਗੰਭੀਰ ਮਾਮਲਾ ਹੈ। ਇਸਤੇਮਾਲ ਕੀਤੀਆਂ ਗਈਆਂ ਪੀਪੀਈ ਕਿੱਟਾਂ ਨੂੰ ਰਸਤੇ ਵਿਚ ਸੁੱਟਣ ਨਾਲ ਇਨਫੈਕਸ਼ਨ ਫੈਲਣ ਦਾ ਖਤਰਾ ਹੈ। ਇਸ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।