ਪੰਜਾਬ ‘ਚ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹਾ ਇਕ ਮਾਮਲਾ ਜਲੰਧਰ ਸ਼ਹਿਰ ਦੇ ਸ਼ੇਖਾਂ ਬਾਜ਼ਾਰ ‘ਚ ਪੈਂਦੇ ਫੁੱਲਾਂ ਵਾਲਾ ਚੌਕ ਨੇੜੇ’ਤੋਂ ਸਾਹਮਣੇ ਆਇਆ ਸੀ ਜਿੱਥੇ ਚਾਰ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਵਿਚ ਪੁਲਿਸ ਨੂੰ ਸਫਲਤਾ ਮਿਲੀ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਚੌਥਾ ਦੋਸ਼ੀ ਅਜੇ ਵੀ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਆਈਫੋਨ 12 ਵੀ ਬਰਾਮਦ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮ ਵਾਰਦਾਤ ਵਾਲੀ ਥਾਂ ਦੇ ਆਸਪਾਸ ਦੇ ਰਹਿਣ ਵਾਲੇ ਹਨ। ਥਾਣਾ ਡਵੀਜ਼ਨ ਨੰਬਰ 4 ਦੇ ਇੰਚਾਰਜ ਸਬ-ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦਾ ਸ਼ਿਕਾਰ ਹੋਏ ਵਿਕਰਮ ਪਾਟਿਲ ਨੇ ਲੁੱਟ ਦੀ ਵਾਰਦਾਤ ਤੋਂ ਬਾਅਦ ਕੰਟਰੋਲ ਰੂਮ ਨੂੰ ਫ਼ੋਨ ਕੀਤਾ ਸੀ। ਇਸ ਤੋਂ ਬਾਅਦ ਵਿਕਰਮ ਦੇ ਬਿਆਨ ਦਰਜ ਕੀਤੇ ਗਏ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਗਈ। ਇਸ ਦੀ ਮਦਦ ਨਾਲ ਪੁਲਿਸ ਲੁਟੇਰਿਆਂ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ ! ਕੱਲ੍ਹ ਤੋਂ ਹੋਰ ਮਹਿੰਗਾ ਹੋਵੇਗਾ Mother Dairy ਦਾ ਦੁੱਧ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਲੁੱਟ ਲਈ ਵਰਤੀ ਗਈ ਸਕੂਟਰ ’ਤੇ ਨੰਬਰ ਪਲੇਟ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਸਾਰੇ ਟਿਕਾਣਿਆਂ ਨੂੰ ਟਰੇਸ ਕੀਤਾ। ਸਭ ਤੋਂ ਪਹਿਲਾਂ ਪੁਲਿਸ ਨੇ ਧੀਰਜ ਸਿੰਘ ਉਰਫ ਸੰਨੀ ਵਾਸੀ ਪੱਕਾ ਬਾਗ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਸੰਨੀ ਨੇ ਮਾਨਵ ਉਰਫ ਲੋਹਾ ਵਾਸੀ ਅਲੀ ਮੁਹੱਲਾ ਅਤੇ ਰਾਹੁਲ ਉਰਫ ਕਾਲੀ ਵਾਸੀ ਅਲੀ ਮੁਹੱਲਾ ਦੇ ਠਿਕਾਣਿਆਂ ਦਾ ਖੁਲਾਸਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ 3 ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਵਿਕਰਮ ਪਾਟਿਲ ਨੂੰ ਦਾਤਰ ਦਿਖਾ ਕੇ ਧਮਕੀਆਂ ਦੇਣ ਵਾਲੇ ਚੌਥੇ ਮੁਲਜ਼ਮ ਦੀ ਵੀ ਪਛਾਣ ਕਰ ਲਈ ਗਈ ਹੈ। ਪੁਲਿਸ ਵੱਲੋਂ ਜਲਦ ਹੀ ਉਕਤ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਚਾਰਾਂ ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 341 ਅਤੇ 379 ਤਹਿਤ ਸੜਕ ਰੋਕ ਕੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।