ਕਰਨਾਲ: ਹਰਿਆਣਾ ਵਿਚ ਇਕ ਵਾਰ ਫਿਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਅੱਜ ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਵਿੱਚ ਕੁਝ ਭਾਜਪਾ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ। ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ। ਕਰਨਾਲ ਪੁਲਿਸ ਅਤੇ ਕਿਸਾਨਾਂ ਵਿਚਕਾਰ ਸੜਕ ਜਾਮ ਨੂੰ ਲੈ ਕੇ ਤਿੱਖੀ ਬਹਿਸ ਹੋਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਕਈ ਕਿਸਾਨ ਜ਼ਖਮੀ ਹੋਏ ਹਨ।
ਜ਼ਖਮੀ ਕਿਸਾਨਾਂ ਨੂੰ ਮੁੱਢਲੀ ਸਹਾਇਤਾ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਗਏ ਇਸ ਲਾਠੀਚਾਰਜ ਤੋਂ ਬਾਅਦ, ਕਿਸਾਨ ਆਗੂ ਗੁਰਨਾਮ ਚਡੂਨੀ ਨੇ ਟਵੀਟ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਕਰਨਾਲ ਵਿੱਚ, ਪ੍ਰਸ਼ਾਸਨ ਦੁਆਰਾ ਲਾਠੀਚਾਰਜ ਕੀਤਾ ਗਿਆ ਸੀ, ਸਾਰੇ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹੇਠਾਂ ਆਓ ਤੇ ਟੋਲ ਪਲਾਜ਼ਾ ਤੇ ਸਾਰੇ ਰਸਤੇ ਜਾਮ ਕਰ ਦਿਓ। ਦੂਜੇ ਪਾਸੇ, ਗੁਰਨਾਮ ਚਡੂਨੀ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਗਈ ਇਸ ਅਪੀਲ ਤੋਂ ਬਾਅਦ, ਇੱਕ ਵਾਰ ਫਿਰ ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ। ਕਿਸਾਨਾਂ ਨੇ ਦਿੱਲੀ-ਹਿਸਾਰ ਰਾਜਮਾਰਗ ਨੂੰ ਵੀ ਜਾਮ ਕਰ ਦਿੱਤਾ ਹੈ।
ਕਿਸਾਨਾਂ ਨੇ ਹਿਸਾਰ ਦੇ ਮੱਯੜ ਟੋਲ ਪਲਾਜ਼ਾ ‘ਤੇ ਜਾਮ ਲਗਾ ਦਿੱਤਾ ਹੈ। ਹਿਸਾਰ ਦਿੱਲੀ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਹੈ। ਇਸ ਕਾਰਨ ਵਾਹਨਾਂ ਦੀ ਕਤਾਰ ਲੱਗ ਗਈ ਹੈ। ਇਸ ਦੇ ਨਾਲ ਹੀ ਕੁਰੂਕਸ਼ੇਤਰ ਵਿੱਚ ਵੀ ਜਾਮ ਰਿਹਾ। ਕਿਸਾਨਾਂ ਨੇ ਇਕਜੁੱਟ ਹੋ ਕੇ ਅੰਬਾਲਾ ਹਿਸਾਰ ਹਾਈਵੇਅ ‘ਤੇ ਸੈਣੀ ਮਾਜਰਾ ਅਤੇ ਥਾਨਾ ਟੋਲ ਨੂੰ ਜਾਮ ਕਰ ਦਿੱਤਾ ਹੈ। ਕਰਨਾਲ ਵਿੱਚ ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ।
ਇਹ ਵੀ ਪੜ੍ਹੋ :