ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਪੁਲਿਸ ਨੇ ਜੇਲ੍ਹ ਵਿਭਾਗ ਨਾਲ ਮਿਲ ਕੇ ਬੁੱਧਵਾਰ ਨੂੰ 25 ਜੇਲ੍ਹਾਂ ਵਿੱਚ ਆਪ੍ਰੇਸ਼ਨ ਸਤਰਕ ਦੀ ਸ਼ੁਰੂਆਤ ਕੀਤੀ। ਆਪ੍ਰੇਸ਼ਨ ਦੌਰਾਨ 2500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਸਾਰੀਆਂ ਜੇਲ੍ਹਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਜੇਲ੍ਹਾਂ ਵਿੱਚੋਂ 21 ਮੋਬਾਈਲ ਫ਼ੋਨ ਸਮੇਤ ਸਿਮ ਕਾਰਡ, ਸੋਧੇ ਹੋਏ ਚਾਕੂ ਅਤੇ 8.7 ਗ੍ਰਾਮ ਹੈਰੋਇਨ ਬਰਾਮਦ ਹੋਈ।
ਜਾਣਕਾਰੀ ਅਨੁਸਾਰ ਆਪ੍ਰੇਸ਼ਨ ਸਤਰਕ ਬੁੱਧਵਾਰ ਦੁਪਹਿਰ 12 ਤੋਂ 3 ਵਜੇ ਤੱਕ ਚੱਲਿਆ। ਉੱਚ ਅਧਿਕਾਰੀਆਂ ਵੱਲੋਂ ਸਾਰੇ ਜ਼ਿਲ੍ਹਿਆਂ ਦੇ SSP ਨੂੰ ਆਪਣੇ ਅਧੀਨ ਜ਼ਿਲ੍ਹਿਆਂ ਵਿੱਚ ਆਪ੍ਰੇਸ਼ਨ ਦੀ ਕਮਾਨ ਸੌਂਪੀ ਗਈ ਸੀ। ਇਸ ਦੌਰਾਨ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਵੀ ਵਿਅਕਤੀ ਜੇਲ੍ਹ ਵਿੱਚੋਂ ਕੁਝ ਵੀ ਬਾਹਰ ਨਾ ਸੁੱਟ ਸਕੇ। ਇਸ ਮੁਹਿੰਮ ਵਿੱਚ ਸਨਿਫਰ ਡਾਗ ਨੂੰ ਵੀ ਸ਼ਾਮਲ ਕੀਤਾ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਦੌਰਾਨ ਕੇਂਦਰੀ ਜੇਲ੍ਹਾਂ, ਜ਼ਿਲ੍ਹਾ ਅਤੇ ਸਬ-ਡਵੀਜ਼ਨ ਜੇਲ੍ਹਾਂ ਦੀ ਚੈਕਿੰਗ ਵੀ ਕੀਤੀ ਗਈ। ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਖੁਦ ਇਸ ਮੁਹਿੰਮ ਦੀ ਅਗਵਾਈ ਕੀਤੀ। ਉਹ ADGP ਜੇਲ੍ਹ ਅਰੁਣ ਪਾਲ ਸਿੰਘ ਨਾਲ ਪਟਿਆਲਾ ਜੇਲ੍ਹ ਪੁੱਜੇ। ਇਸ ਮੌਕੇ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਸੁਖਵਿੰਦਰ ਸਿੰਘ ਛੀਨਾ ਅਤੇ SSP ਪਟਿਆਲਾ ਵਰੁਣ ਸ਼ਰਮਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਪੁਲਿਸ-ਤਸਕਰ ਵਿਚਾਲੇ ਗੋਲੀ.ਬਾਰੀ, ਮੁਲਜ਼ਮ ਕੋਲੋਂ 7 ਕਰੋੜ ਦੀ ਪਿਸਟਲ-ਹੈਰੋਇਨ ਬਰਾਮਦ
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਸਿਰਫ਼ ਜੇਲ੍ਹਾਂ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਨਹੀਂ ਹੈ, ਸਗੋਂ ਇਹ ਵੀ ਯਕੀਨੀ ਬਣਾਉਣਾ ਹੈ ਕਿ ਕੈਦੀਆਂ ਨੂੰ ਜੇਲ੍ਹਾਂ ਵਿੱਚ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਜਾਂ ਨਹੀਂ। ਪੁਲਿਸ ਟੀਮਾਂ ਨੇ ਜੇਲ੍ਹ ਕੰਪਲੈਕਸ ਵਿੱਚ ਬੈਰਕਾਂ, ਰਸੋਈ, ਬਾਥਰੂਮ ਸਮੇਤ ਹਰ ਥਾਂ ਅਤੇ ਚੀਜ਼ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਅਪ੍ਰੇਸ਼ਨ ਕੀਤੇ ਜਾਣਗੇ।
ਦੱਸ ਦੇਈਏ ਕਿ ਪੁਲਿਸ ਨੇ ਪਿਛਲੇ ਸੱਤ ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਹੈ। ਇਸ ਸਬੰਧੀ ਕਰੀਬ 150 FIR ਦਰਜ ਕੀਤੀਆਂ ਗਈਆਂ ਹਨ ਅਤੇ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਭਰ ਦੇ 104 ਪਿੰਡਾਂ ਨੇ ਨਸ਼ਾ ਮੁਕਤ ਹੋਣ ਦੀ ਸਹੁੰ ਚੁੱਕੀ।
ਵੀਡੀਓ ਲਈ ਕਲਿੱਕ ਕਰੋ -: