ਸਿਟੀ ਪੁਲਿਸ ਨੇ ਗੁਰਦਾਸਪੁਰ ਦੇ ਬਟਾਲਾ ਰੋਡ ‘ਤੇ ਸਥਿਤ ਇਕ ਰੈਸਟੋਰੈਂਟ ‘ਤੇ ਛਾਪਾ ਮਾਰ ਕੇ ਰੰਗਰਲੀਆਂ ਮਨਾਉਂਦੇ ਹੋਏ 5 ਔਰਤਾਂ ਸਣੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇੱਥੇ ਜਿਸਮਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ।
ਪੁਲਿਸ ਦੀ ਕਾਰਵਾਈ ਦੌਰਾਨ ਰੈਸਟੋਰੈਂਟ ਮਾਲਕ ਸਣੇ 2 ਬੰਦੇ ਭੱਜਣ ਵਿੱਚ ਸਫਲ ਹੋ ਗਏ। ਸਪ੍ਰੈਸ਼ਨ ਆਫ ਇਮਰੈਟਲ ਟਰੈਫਿਕ ਇਨ ਵੂਮੈਨ ਐਂਡ ਗਰਲਜ਼ ਐਕਟ ਦੀ ਧਾਰਾ 4 ਤਹਿਤ ਕੁੱਲ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਤਫ਼ਤੀਸ਼ੀ ਅਫ਼ਸਰ ਗੁਰਮੀਤ ਸਿੰਘ ਅਨੁਸਾਰ ਪੁਲਿਸ ਪਾਰਟੀ ਨੇ ਵਿਸ਼ੇਸ਼ ਚੈਕਿੰਗ ਦੌਰਾਨ ਕਾਹਨੂੰਵਾਨ ਚੌਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਬਟਾਲਾ ਰੋਡ ‘ਤੇ ਸਥਿਤ ਇਕ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ਹੋਟਲ ਈਟਵੈਲ ਦਾ ਮਾਲਕ ਇੰਦਰਜੀਤ ਸਿੰਘ ਪੈਸੇ ਲੈ ਕੇ ਜਿਸਮਫਿਰੋਸ਼ੀ ਦਾ ਨਾਜਾਇਜ਼ ਧੰਦਾ ਚਲਾ ਰਿਹਾ ਹੈ। ਹੋਟਲ ਚਲਾਉਣ ਦਾ ਕੰਮ ਰਾਜਿੰਦਰ ਸਿੰਘ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਹੜ੍ਹ ਅਲਰਟ, ਰਾਵੀ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਲਈ ਕਿਹਾ
ਮੁਖਬਰ ਨੇ ਦੱਸਿਆ ਕਿ ਉਸ ਵੇਲੇ ਵੀ ਕਈ ਜੋੜੇ ਹੋਟਲ ਵਿੱਚ ਮੌਜੂਦ ਹਨ। ਜੇਕਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਤੁਰੰਤ ਹੋਟਲ ‘ਤੇ ਛਾਪੇਮਾਰੀ ਕੀਤੀ।
ਕਾਊਂਟਰ ’ਤੇ ਬੈਠਾ ਹੋਟਲ ਸੰਚਾਲਕ ਰਜਿੰਦਰ ਸਿੰਘ ਪੁਲਿਸ ਨੂੰ ਦੇਖ ਕੇ ਉਥੋਂ ਭੱਜ ਗਿਆ। ਪੁਲਿਸ ਨੇ ਜਦੋਂ ਹੋਟਲ ਦੇ ਕਮਰਿਆਂ ਦੀ ਤਲਾਸ਼ੀ ਲਈ ਤਾਂ ਉਥੇ ਲੱਗੇ ਡਬਲ ਬੈੱਡਾਂ ‘ਤੇ 5 ਔਰਤਾਂ ਅਤੇ 4 ਮਰਦ ਇਤਰਾਜ਼ਯੋਗ ਹਾਲਤ ‘ਚ ਰੰਗਰਲੀਆਂ ਮਨਾਉਂਦੇ ਫੜੇ ਗਏ। ਹੋਟਲ ਮਾਲਕ ਸਣੇ ਇਸ ਦੇ ਸੰਚਾਲਕ ਅਤੇ ਫੜੇ ਗਏ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: