Preparations for imposition : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 39ਵਾਂ ਦਿਨ ਹੈ। ਕਿਸਾਨੀ ਲਹਿਰ ‘ਚ ਹੁਣ ਤੱਕ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਅੱਜ ਵੀ ਸੋਨੀਪਤ ਦੇ ਗੋਹਾਨਾ ਪਿੰਡ ਦੇ ਇੱਕ ਕਿਸਾਨ ਦੀ ਕੁੰਡਲੀ ਬਾਰਡਰ ‘ਤੇ ਮੌਤ ਹੋ ਗਈ। ਜਿਸ ‘ਤੇ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਚਿੰਤਾ ਪ੍ਰਗਟਾਈ ਤੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਦਿੱਲੀ ਦੀ ਸਰਹੱਦਾਂ ‘ਤੇ ਕਿਸਾਨ ਮਰ ਰਹੇ ਹਨ, ਜਿਸ ਦੀ ਅਸਲ ਚਿੰਤਾ ਸਰਕਾਰ ਨੂੰ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੈ। ਸਰਕਾਰ ਰਿਲਾਇੰਸ ਦੇ ਕਾਰੋਬਾਰੀ ਹਿੱਤਾਂ ਦੀ ਰਾਖੀ ਕਰ ਰਹੀ ਹੈ ਅਤੇ ਰਾਸ਼ਟਰਪਤੀ ਸ਼ਾਸਨ ਲਈ ਆਧਾਰ ਬਣਾ ਰਹੀ ਹੈ। ਸਾਡੀ ਲੋਕਤੰਤਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਸੱਤਵੇਂ ਦੌਰ ਵਿੱਚ ਵੀ ਸੰਪੂਰਨ ਹੱਲ ਨਹੀਂ ਲੱਭਿਆ ਗਿਆ ਸੀ,ਪਰ ਦੋ ਮੁੱਦਿਆਂ ‘ਤੇ ਸਹਿਮਤੀ ਬਣ ਗਈ ਸੀ। ਦੱਸ ਦੇਈਏ ਕਿ ਕੁੰਡਲੀ ਬਾਰਡਰ ‘ਤੇ ਧਰਨਾ ਪ੍ਰਦਰਸ਼ਨ ਵਾਲੀ ਥਾਂ ‘ਤੇ ਠੰਡ ਵਿਚਾਲੇ ਅਚਾਨਕ ਦੋ ਕਿਸਾਨਾਂ ਦੀ ਹਾਲਤ ਵਿਗੜ ਗਈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਦੌਲਤ ਦੇ ਨਿਵਾਸੀ ਸਹਿੰਦਰ ਦੀ ਸ਼ਨੀਵਾਰ ਸਵੇਰੇ ਅਚਾਨਕ ਦੌਰਾ ਪੈਣ ਕਾਰਨ ਹਾਲਤ ਵਿਗੜ ਗਈ । ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਹੀ ਪੰਜਾਬ ਦੇ ਰਹਿਣ ਵਾਲੇ ਸੱਜਣ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਉਸਨੂੰ ਵੀ ਤੁਰੰਤ ਹਸਪਤਾਲ ਲਿਜਾਇਆ ਗਿਆ ।
ਗਾਜੀਪੁਰ ਦੀ ਸਰਹੱਦ ‘ਤੇ ਬੈਠੇ ਇੱਕ ਪ੍ਰਦਰਸ਼ਨਕਾਰੀ ਨੇ ਦੱਸਿਆ, “ਅਸੀਂ ਅਜਿਹੇ ਖਰਾਬ ਮੌਸਮ ਵਿੱਚ ਆਪਣੇ ਪਰਿਵਾਰ ਤੋਂ ਦੂਰ ਸੜਕਾਂ ‘ਤੇ ਬੈਠੇ ਹਾਂ। ਅਸੀਂ ਉਮੀਦ ਕਰ ਰਹੇ ਹਾਂ ਕਿ ਸਰਕਾਰ ਭਲਕੇ ਸਾਡੀਆਂ ਮੰਗਾਂ ਮੰਨ ਲਵੇਗੀ।” ਦੱਸ ਦੇਈਏ ਕਿ ਜਿਹੜੇ ਕਿਸਾਨ ਦਿੱਲੀ ਦੀਆ ਵੱਖ-ਵੱਖ ਸਰਹੱਦਾਂ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਣਤੰਤਰ ਦਿਵਸ ਦੇ ਦਿਨ ਦਿੱਲੀ ਵਿੱਚ ਇੱਕ ਟਰੈਕਟਰ ਰੈਲੀ ਕੱਢੀ ਜਾਵੇਗੀ। ਕਿਸਾਨਾਂ ਨੇ ਕਿਹਾ ਹੈ ਕਿ ਕਿਸਾਨ 23 ਜਨਵਰੀ ਨੂੰ ਯਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਸਾਰੇ ਰਾਜਪਾਲਾਂ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ। ਕਿਸਾਨ ਅੰਦੋਲਨ ਦਾ ਤਾਲਮੇਲ ਕਰ ਰਹੀ 7 ਮੈਂਬਰੀ ਤਾਲਮੇਲ ਕਮੇਟੀ ਨੇ ਸ਼ਨੀਵਾਰ ਨੂੰ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ।