ਨਾਭਾ-ਭਵਾਨੀਗੜ੍ਹ ਰੋਡ ‘ਤੇ ਸਥਿਤ ਜੇਲ੍ਹ ਵਿਚ ਦੋ ਕੈਦੀਆਂ ਦੀ ਬਿਸਤਰ ਨੂੰ ਲੈ ਕੇ ਬਹਿਸ ਹੋ ਗਈ ਪਰ ਮਾਮਲਾ ਉਦੋਂ ਜ਼ਿਆਦਾ ਗੰਭੀਰ ਹੋ ਗਿਆ ਜਦੋਂ ਇੱਕ ਕੈਦੀ ਨੇ ਬਹਿਸ ਦੌਰਾਨ ਦੂਜੇ ਕੈਦੀ ਦੀ ਛਾਤੀ ਵਿਚ ਚੱਮਚ ਬੁਰੀ ਤਰ੍ਹਾਂ ਖੋਭ ਦਿੱਤਾ ਤੇ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਜ਼ਖਮੀ ਕੈਦੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕ ਕੈਦੀ ਦਾ ਨਾਂ ਸੁਖਜਿੰਦਰ ਸਿੰਘ ਉਰਫ ਸੁੱਖਾ ਹੈ ਜਦਕਿ ਹਮਲਾ ਕਰਨ ਵਾਲੇ ਕੈਦੀ ਦਾ ਨਾਂ ਸੋਨੂੰ ਹੈ। ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਸਤਰ ਵਿਛਾਉਣ ਅਤੇ ਸੌਣ ਨੂੰ ਲੈ ਕੇ ਦੋਹਾਂ ਵਿਚਕਾਰ ਨੋਕ-ਝੋਕ ਹੋਈ ਸੀ। ਦੋਵਾਂ ਨੂੰ ਐਨਡੀਪੀਐਸ ਐਕਟ ਤਹਿਤ ਜੇਲ੍ਹ ਭੇਜਿਆ ਗਿਆ ਸੀ। ਇਕ ਵਾਰ ਤਾਂ ਉਨ੍ਹਾਂ ਦਾ ਝਗੜਾ ਸ਼ਾਂਤ ਹੋ ਗਿਆ ਸੀ ਪਰ ਬਾਅਦ ਵਿਚ ਸੋਨੂੰ ਨੇ ਅਚਾਨਕ ਚਮਚੇ ਨਾਲ ਸੁੱਖਾ ‘ਤੇ ਹਮਲਾ ਕਰ ਦਿੱਤਾ ਅਤੇ ਚਮਚਾ ਦਿਲ ਦੇ ਨੇੜੇ ਜਾ ਘੁੱਸਿਆ। ਜਿਸ ਤੋਂ ਬਾਅਦ ਸੁੱਖਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਦੀ ਜਾਣਕਾਰੀ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੋਸ਼ੀ ਕੈਦੀ ਦੇ ਖਿਲਾਫ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਵਿੱਚ ਕਤਲ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ, 2019 ਵਿੱਚ, ਨਾਭਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੂੰ ਦੋ ਕੈਦੀਆਂ ਨੇ ਕਤਲ ਕਰ ਦਿੱਤਾ ਸੀ। ਮ੍ਰਿਤਕ ਕੈਦੀ ਦੀ ਪਛਾਣ ਮਹਿੰਦਰਪਾਲ ਸਿੰਘ ਬਿੱਟੂ ਵਜੋਂ ਹੋਈ ਹੈ। ਮਹਿੰਦਰਪਾਲ ਸਿੰਘ ਬਿੱਟੂ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਸਨ। ਰਿਪੋਰਟ ਅਨੁਸਾਰ ਮਹਿੰਦਰਪਾਲ ਸਿੰਘ ਬਿੱਟੂ ਦੀ ਕੁਝ ਕੈਦੀਆਂ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਸ ‘ਤੇ ਦੋ ਹੋਰ ਕੈਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਹਿੰਦਰ ਪਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਬਾਅਦ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਨਾਭਾ ਜੇਲ੍ਹ ਕਤਲ ਕੇਸ ਵਿੱਚ ਪੰਜਾਬ ਸਰਕਾਰ ਨੇ ਜੇਲ੍ਹ ਦੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਵਿੱਚ ਜੇਲ੍ਹ ਸੁਪਰਡੈਂਟ, ਡਿਪਟੀ ਜੇਲ੍ਹ ਸੁਪਰਡੈਂਟ ਅਤੇ 2 ਜੇਲ੍ਹ ਵਾਰਡਨ ਸ਼ਾਮਲ ਸਨ।
ਦੇਖੋ ਵੀਡੀਓ : Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe