ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਬੱਸਾਂ ਵਿੱਚ ਸਫਰ ਮਹਿੰਗਾ ਹੋ ਸਕਦਾ ਹੈ। ਪੇਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਮਤੇ ਵਿੱਚ ਬੱਸ ਕਿਰਾਏ ਵਿੱਚ ਪ੍ਰਤੀ ਕਿਲੋਮੀਟਰ 10 ਪੈਸੇ ਵਾਧੇ ਦੀ ਮੰਗ ਕੀਤੀ ਹੈ।
ਡੀਜ਼ਲ ਦੇ ਰੇਟਾਂ ਵਿੱਚ ਹੋ ਰਹੇ ਵਾਧੇ ਕਰਕੇ ਕਾਰਪੋਰੇਸ਼ਨ ਨੇ ਇਹ ਫੈਸਲਾ ਲਿਆ ਹੈ। ਜਲਦ ਹੀ ਕੈਬਨਿਟ ਦੀ ਬੈਠਕ ਵਿੱਚ ਇਸ ਨੂੰ ਹਰੀ ਝੰਡੀ ਮਿਲ ਸਕਦੀ ਹੈ। ਕਿਰਾਇਆ ਵਧਣ ਨਾਲ ਪੀ.ਆਰ.ਟੀ.ਸੀ. ਦੀ ਰੋਜ਼ਾਨਾ ਦੀ ਆਮਦਨ 10 ਲੱਖ ਰੁਪਏ ਤੱਕ ਵਧ ਜਾਏਗੀ।
ਪੀ.ਆਰ.ਟੀ.ਸੀ. ਦੀ ਮੈਨੇਜਿੰਗ ਡਾਇਰੈਕਟਰ ਪਰਨੀਤ ਸ਼ੇਰਿਗਲ ਨੇ ਦੱਸਿਆ ਕਿ ਡੀਜ਼ਲ ਦੇ ਵਧਦੇ ਰੇਟ ਨਾਲ ਕਾਰਪੋਰੇਸ਼ਨ ਲਈ ਆਪਣੇ ਖਰਚੇ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਊਪਰੋਂ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਤੋਂ ਬਾਅਦ ਸੈਲਰੀਆਂ ਵੀ ਵਧ ਗਈਆਂ ਹਨ। ਇਨ੍ਹਾਂ ਸਾਰਿਆਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਇਸ ਵੇਲੇ ਤਕਰੀਬਨ 1200 ਬੱਸਾਂ ਹਨ, ਜਿਨ੍ਹਾਂ ਦੀ ਰੋਜ਼ਾਨਾ ਦਾ ਡੀਜ਼ਲ ਦਾ ਖਰਚਾ ਜੋ ਪਹਿਲਾਂ ਲਗਭਗ 71 ਲੱਖ ਰੁਪਏ ਸੀ, ਉਹ ਹੁਣ ਉਹ 73 ਲੱਖ 50 ਹਜ਼ਾਰ ਹੋ ਗਿਆ ਹੈ। ਡੀਜ਼ਲ ਦੇ ਰੇਟ ਜਿਸ ਤਰ੍ਹਾਂ ਰੋਜ਼ਾਨਾ ਵਧ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਖਰਚੇ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪੰਜਾਬ ‘ਚ ਇਸ ਸਮੇਂ ਪੀ.ਆਰ.ਟੀ.ਸੀ. ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ ਇੱਕ ਰੁਪਏ 22 ਪੈਸੇ ਹੈ। ਜੇ ਕਾਰਪੋਰੇਸ਼ਨ ਦਾ ਮਤਾ ਮੰਨ ਲਿਆ ਗਿਆ ਤਾਂ ਪੀ.ਆਰ.ਟੀ.ਸੀ. ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ ਇੱਕ ਰੁਪਏ 32 ਪੈਸੇ ਹੋ ਜਾਏਗਾ। ਇਸ ਸਮੇਂ ਕਾਰਪੋਰੇਸ਼ਨ ਨੂੰ ਬੱਸਾਂ ਤੋਂ ਰੋਜ਼ਾਨਾ ਇੱਕ ਕਰੋੜ 90 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।