Punjab CM directs : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਦੀ ਸਮੀਖਿਆ ਮੀਟਿੰਗ ਵਿਚ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਜਾਂ ਸੂਬੇ ਤੋਂ ਬਾਹਰ ਇਸ ਦੀ ਸਮਗਲਿੰਗ ਦੀ ਕਿਸੇ ਵੀ ਕਾਰਵਾਈ ਖਿਲਾਫ਼ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। ਪੰਜਾਬ ਵਿੱਚ ਆਕਸੀਜਨ ਦੀ ਵੰਡ ਪੂਰੀ ਨਹੀਂ ਪੈ ਰਹੀ ਹੈ। ਸੰਕਟ ਦੀ ਇਸ ਘੜੀ ਵਿੱਚ ਸਹਿਯੋਗ ਕਰ ਰਹੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਇਨ੍ਹਾਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰਕੇ ਕੋਈ ਵੀ ਦੁਰਘਟਨਾ ਵਾਪਰਨ ‘ਤੇ ਉਨ੍ਹਾਂ ਖਿਲਾਫ਼ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਾਹਰੋਂ ਆਉਣ ਵਾਲੇ ਮਰੀਜ਼ਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਜਗ੍ਹਾ ਨਾ ਮਿਲਣ ‘ਤੇ ਚਿੰਤਾ ਜ਼ਾਹਰ ਕੀਤੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ ਦੀ ਕਮੀ ਦੇ ਬਾਵਜੂਦ ਹਰਿਆਣੇ ਅਤੇ ਦਿੱਲੀ ਵਰਗੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਇਲਾਜ ਵਾਸਤੇ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਦੇਖਭਾਲ ਤੋਂ ਇਨਕਾਰ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, ”ਸਾਨੂੰ ਕਿਸੇ ਵੀ ਮਰੀਜ਼ ਨੂੰ ਇਲਾਜ ਵਾਸਤੇ ਨਾਂਹ ਨਹੀਂ ਕਰਨੀ ਚਾਹੀਦੀ।” ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਇੱਕ ਚੌਥਾਈ ਬਿਸਤਰਿਆਂ ‘ਤੇ ਸੂਬੇ ਤੋਂ ਬਾਹਰਲੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਆਕਸੀਜਨ ਸਪਲਾਈ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਧੂ ਆਕਸੀਜਨ ਅਲਾਟਮੈਂਟ ਲਈ ਗੱਲ ਕੀਤੀ ਹੈ ਅਤੇ ਕੇਂਦਰ ਤੋਂ ਹੋਰ ਆਕਸੀਜਨ ਟੈਂਕਰਾਂ ਦੀ ਮੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਕਸੀਜਨ ਦੀ ਢੁੱਕਵੀਂ ਮਾਤਰਾ ਅਤੇ ਇਸ ਦੀ ਸਪਲਾਈ ਨੂੰ ਨਿਯਮਿਤ ਕਰਨ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਮੀਦ ਹੈ ਕਿ ਸਥਿਤੀ ਵਿਚ ਸੁਧਾਰ ਹੋਵੇਗਾ।
ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ਵਿਚ ਜਿਥੇ ਇਸ ਦਾ ਪ੍ਰਬੰਧ ਕਰਨਾ ਹਰ ਰੋਜ਼ ਚੁਣੌਤੀ ਬਣ ਰਿਹਾ ਹੈ, ਆਕਸੀਜਨ ਸਪਲਾਈ ਵਧਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਸੂਬਾ ਸਰਕਾਰ ਬਹੁਤ ਸੀਮਤ ਵੰਡ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਉਦਯੋਗ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਇੱਕ ਸਪਲਾਈ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਸਾਰੇ ਜ਼ਿਲ੍ਹਿਆਂ ਵਿੱਚ ਆਕਸੀਜਨ ਦੀ ਢੁੱਕਵੀਂ ਮਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਆਕਸੀਜਨ ਸਿਲੰਡਰ ਸਮੇਂ ਸਿਰ ਇਕੱਤਰ ਕਰਕੇ ਦੁਬਾਰਾ ਭਰਵਾਏ ਜਾਣ। ਆਕਸੀਜਨ ਸਿਲੰਡਰ ਦੀ ਘਾਟ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ। ਮਈ ਵਿਚ ਸਿਰਫ 1000 ਸਿਲੰਡਰ ਸਪਲਾਈ ਹੋਣ ਦੀ ਸੰਭਾਵਨਾ ਹੈ, ਇਸ ਲਈ ਕੁਝ ਅੰਤਰਿਮ ਉਪਾਅ ਕਰਨੇ ਜ਼ਰੂਰੀ ਹਨ।
ਮੈਡੀਕਲ ਸਿੱਖਿਆ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਆਈਸੀਯੂ ਬੈੱਡਾਂ ਦੀ ਗਿਣਤੀ ਵਧਾਈ ਗਈ ਹੈ ਪਰ ਵਰਤੋਂ ਅਧੀਨ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਮੁੱਖ ਚੁਣੌਤੀ ਆਕਸੀਜਨ ਸਪਲਾਈ ਲਾਈਨ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਤਿੰਨੇਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਕ-ਇਕ ਵਾਧੂ ਟੈਂਕਰ ਸਥਾਪਤ ਕਰਨ ਦਾ ਸੁਝਾਅ ਦਿੱਤਾ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਆਕਸੀਜਨ ਟੈਂਕਰਾਂ ਦੀ ਨਿਰਵਿਘਨ ਆਵਾਜਾਈ ਪ੍ਰਬੰਧਨ ਲਈ ਪੰਜਾਬ ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਮੁੱਢਲੇ ਸਥਾਨਾਂ (ਪਾਣੀਪਤ, ਰੁੜਕੀ, ਬੱਦੀ) ਅਤੇ ਕੰਟਰੋਲ ਰੂਮ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਟੈਂਕਰਾਂ ਨੂੰ ਲਿਜਾਣ ਲਈ ਪੁਲਿਸ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ।