Punjab Congress has : ਕਾਂਗਰਸ ਪਾਰਟੀ ਵੱਲੋਂ ਗਠਿਤ ਸੂਬਾ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਕਮੇਟੀ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ, ਚੋਣ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਸਨ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਪੀਪੀਸੀਸੀ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਹਲਕਿਆਂ ਵਿੱਚੋ ਟਿਕਟਾਂ ਪਾਉਣ ਦੇ ਚਾਹਵਾਨਾਂ ਵਲੋਂ ਵੱਧ ਚੜ੍ਹ ਕੇ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਹੋਇਆਂ ਅਰਜੀਆਂ ਭੇਜਣ ਦੀ ਆਖ਼ਰੀ ਮਿਤੀ 12 ਜਨਵਰੀ ਤੋਂ ਵਧਾ ਕੇ 15 ਜਨਵਰੀ ਕੀਤੀ ਜਾਂਦੀ ਹੈ। ਅਬਜ਼ਰਵਰਾਂ ਨੂੰ ਕਿਹਾ ਗਿਆ ਹੈ ਕਿ ਉਹ ਜਿੰਨੀ ਜਲਦੀ ਅਰਜੀਆਂ ਜਮ੍ਹਾ ਕਰਵਾਉਣ। ਇਨ੍ਹਾਂ ਅਰਜੀਆਂ ਦੀ ਜਾਂਚ ਤੇ ਚਰਚਾ 16 ਅਤੇ 17 ਜਨਵਰੀ ਨੂੰ ਹੋਵੇਗੀ ਤੇ ਇਸ ਤੋਂ ਬਾਅਦ ਸੂਬਾ ਚੋਣ ਕਮੇਟੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਮਿਲੇਗੀ। 18 ਜਨਵਰੀ ਨੂੰ ਟਿਕਟਾਂ ਦੀ ਵੰਡ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਟਿਕਟਾਂ ਲਈ ਅਬਜ਼ਰਵਰਾਂ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ ਜਾਂ ਸਿੱਧੇ ਤੌਰ ‘ਤੇ ਸੂਬਾ ਕਮੇਟੀ ਨੂੰ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਵੀ ਅਰਜੀਆਂ ਭੇਜੀਆਂ ਜਾ ਸਕਦੀਆਂ ਹਨ।
ਇਸ ਮੌਕੇ ਚੋਣ ਕਮੇਟੀ ਦੇ ਹਾਜਰ ਮੈਬਰਾਂ ਵਿੱਚ ਅਵਤਾਰ ਹੈਨਰੀ, ਭਾਰਤ ਭੂਸ਼ਣ ਆਸ਼ੂ, ਰਾਜ ਕੁਮਾਰ ਵੇਰਕਾ, ਡਾਕਟਰ ਰਾਜ ਕੁਮਾਰ ਚੱਬੇਵਾਲ, ਸੁਰਿੰਦਰ ਗੁਪਤਾ, ਮਮਤਾ ਦੱਤਾ ਅਤੇ ਰੂਪ ਕੌਰ ਹਾਜ਼ਰ ਸਨ। ਕੈਪਟਨ ਸੰਦੀਪ ਸੰਧੂ ਨੇ ਅੱਗੇ ਦੱਸਿਆ ਕਿ ਅਬਜ਼ਰਵਰ ਆਪੋ ਆਪਣੇ ਹਲਕਿਆਂ ਵਿੱਚ ਜਾ ਕੇ ਮੀਟਿੰਗਾਂ ਕਰ ਆਏ ਹਨ ਅਤੇ ਫੀਡਬੈਕ ਇਹੀ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਲੋਕਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਪੰਜਾਬ ਸਰਕਾਰ ਨੂੰ ਲੈ ਕੇ ਬਹੁਤ ਸੰਤੁਸ਼ਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗੀ।