ਹਰਿਆਣਾ ਦੇ ਸਿਰਸਾ ਤੋਂ ਦੋ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਲਾਰੈਂਸ ਗੈਂਗ ਦੇ ਐਂਟੀ ਦਵਿੰਦਰ ਬੰਬੀਹਾ ਗੈਂਗ ਵਿਚ ਸ਼ਾਮਲ ਹਨ। ਇਨ੍ਹਾਂ ਨੇ ਚੰਡੀਗੜ੍ਹ ਵਿੱਚ ਇੱਕ ਕਲੱਬ ਦੇ ਮਾਲਕ ਤੋਂ 1 ਕਰੋੜ ਰੁਪਏ ਦੀ ਵਸੂਲੀ ਅਤੇ ਹਿੱਸੇ ਦੀ ਮੰਗ ਕੀਤੀ ਸੀ। ਇਨ੍ਹਾਂ ਵਿੱਚੋਂ 24 ਸਾਲਾ ਮੁਲਜ਼ਮ ਸੋਨੂੰ ਨੂੰ 3 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਦੂਜੇ ਦੋਸ਼ੀ ਦੀ ਉਮਰ ਅਜੇ ਸਿਰਫ 13 ਸਾਲ ਹੈ, ਜਿਸ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੋਵਾਂ ਮੁਲਜ਼ਮਾਂ ਨੂੰ ਬੰਬੀਹਾ ਗੈਂਗ ਨੂੰ ਹਥਿਆਰ ਸਪਲਾਈ ਕਰਨ ਅਤੇ ਚੰਡੀਗੜ੍ਹ ਦੇ ਇੱਕ ਨਾਈਟ ਕਲੱਬ ਤੋਂ 1 ਕਰੋੜ ਰੁਪਏ ਦੀ ਲੁੱਟ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਤੋਂ ਪੰਜਾਬ ਵਿੱਚ ਵਾਪਰੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੰਬੀਹਾ ਗਰੁੱਪ ਨੂੰ 10 ਪਿਸਤੌਲ ਅਤੇ ਕਾਰਤੂਸ ਪਹੁੰਚਾਏ ਸਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਪਿਸਤੌਲ ਅਤੇ 13 ਕਾਰਤੂਸ ਬਰਾਮਦ ਵੀ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਪੁਲਿਸ ਨੇ ਸਾੜੇ ਡਰੱਗਜ਼ : 37 ਕਿੱਲੋ ਹੈਰੋਇਨ ਸਣੇ ਕਈ ਨਸ਼ੀਲੇ ਪਦਾਰਥ ਕੀਤੇ ਨਸ਼ਟ
ਦੱਸ ਦੇਈਏ ਕਿ ਗੋਲੀਬਾਰੀ ਦੀ ਘਟਨਾ 15 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 7 ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਵਾਪਰੀ ਸੀ। ਪੁਲਿਸ ਅਨੁਸਾਰ ਕਲੱਬ ਦੇ ਮਾਲਕ ਵੱਲੋਂ ਜਬਰੀ ਵਸੂਲੀ ਦੇ ਰੂਪ ਵਿੱਚ 1 ਕਰੋੜ ਰੁਪਏ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਦੇ ਕਲੱਬ ਦੇ ਬਾਹਰ 4 ਰਾਉਂਡ ਫਾਇਰਿੰਗ ਕੀਤੀ ਗਈ। ਇਸ ਦੇ ਨਾਲ ਹੀ ਕਲੱਬ ਦੇ ਮਾਲਕ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਕਲੱਬ ਦੇ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਕਲੈਕਸ਼ਨ ਕਾਲ ਆਈ ਸੀ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਫੋਨ ਕਰਨ ਵਾਲੇ ਨੇ ਕਲੱਬ ਦੇ ਮਾਲਕ ਤੋਂ ਕਲੱਬ ‘ਚ 25 ਫੀਸਦੀ ਹਿੱਸੇਦਾਰੀ ਦੀ ਵੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਅਨੁਸਾਰ ਇਹ ਗੋਲੀਬਾਰੀ ਬੰਬੀਹਾ ਗੈਂਗ ਦੇ ਸਰਗਨਾ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। SSOC ਨੇ ਬੀਤੀ 19 ਦਸੰਬਰ ਨੂੰ ਦਰਜ ਹੋਏ ਕੇਸ ਵਿੱਚ ਦੋਵਾਂ ਦੋਸ਼ੀਆਂ ਨੂੰ ਮੁਲਜ਼ਮ ਬਣਾਇਆ ਹੈ। ਇਸ ਸਬੰਧੀ IPC ਦੀਆਂ ਧਾਰਾਵਾਂ 212, 216, 120 B ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਸੂਤਰਾਂ ਅਨੁਸਾਰ ਸਿਰਸਾ ਵਿੱਚ ਨਾਬਾਲਗ ਖ਼ਿਲਾਫ਼ ਗੰਭੀਰ ਅਪਰਾਧ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਆਪਣੇ ਗਰੋਹ ਦੇ ਸੀਨੀਅਰ ਮੈਂਬਰਾਂ ਦੇ ਇਸ਼ਾਰੇ ‘ਤੇ ਹਥਿਆਰਾਂ ਦੀ ਸਪਲਾਈ ਦਾ ਧੰਦਾ ਕਰਦੇ ਸਨ।