ਮੌਸਮ ਕੇਂਦਰ ਚੰਡੀਗੜ੍ਹ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਵੱਲੋਂ ਜਾਰੀ ਮੌਸਮ ਦੀ ਭਵਿੱਖਬਾਣੀ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਸਾਹਿਬਜ਼ਾਦਿਆਂ ਅਜੀਤ ਸਿੰਘ ਨਗਰ ਵਿੱਚ ਦੋ ਦਿਨਾਂ ਤੱਕ ਭਾਰੀ ਮੀਂਹ ਪਵੇਗਾ।
ਜਦਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਵਿਭਾਗ ਮੁਤਾਬਕ 15 ਜੁਲਾਈ ਤੋਂ ਬਾਅਦ ਹੀ ਮੌਸਮ ਸਾਫ਼ ਹੋਵੇਗਾ। ਦੂਜੇ ਪਾਸੇ ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲ ਤੇ ਧੁੱਪ ਦਾ ਆਉਣਾ-ਜਾਣਾ ਲੱਗਾ ਗਿਆ।
ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ 13 ਜੁਲਾਈ ਤੋਂ ਕਈ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਤੱਕ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਪਹਾੜੀ ਇਲਾਕਆਂ ਨਾਲ ਲੱਗੇ ਜ਼਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੇ ਆਸਾਰ ਹਨ।
ਪੰਜਾਬ ਵਿੱਚ 1 ਜੂਨ ਤੋਂ ਲੈ ਕੇ 10 ਜੁਲਾਈ ਤਈਕ 94.1 ਐੱਮ.ਐੱਮ. ਮੀਂਹ ਰਿਕਾਰਡ ਹੋ ਚੁੱਕਾ ਹੈ, ਜੋ ਆਮ ਨਾਲੋਂ ਸਿਰਫ 3 ਫੀਸਦੀ ਘੱਟ ਹੈ। ਦੂਜੇ ਪਾਸੇ ਰਾਜ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਕੁਆਲਿਟੀ ਸੂਚਕਾਂਕ ਚੰਗੇ ਤੋਂ ਸੰਤੋਖਜਨਕ ਸ਼੍ਰੇਣੀ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: