ਚੰਡੀਗੜ੍ਹ : ਐਂਟੀ-ਰੈਗਿੰਗ ਹੈਲਪਲਾਈਨ ‘ਤੇ ਇਕ ਗੁਮਨਾਮ ਈਮੇਲ ਨੇ ਦਾਅਵਾ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਪਿਛਲੇ ਕੁਝ ਦਿਨਾਂ ਤੋਂ ਰੈਗਿੰਗ ਕੀਤਾ ਜਾ ਰਿਹਾ ਹੈ। ਨੈਸ਼ਨਲ ਐਂਟੀ-ਰੈਗਿੰਗ ਹੈਲਪਲਾਈਨ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਕੇ ਸੋਮਵਾਰ ਨੂੰ ਕਾਲਜ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਆਪਣੇ ਕੱਪੜੇ ਲਾਹੁਣ ਅਤੇ ਸ਼ਰਮਿੰਦਾ ਕਰਨ ਲਈ ਕਿਹਾ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜੀਵ ਦੇਵਗਨ ਨੇ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਸਥਾ ਨੇ ਤੁਰੰਤ ਇੱਕ ਹਫ਼ਤੇ ਦਾ ਸੀਸੀਟੀਵੀ ਫੁਟੇਜ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਈ-ਮੇਲ ਪੁਲਿਸ ਨੂੰ ਭੇਜੀ ਗਈ ਹੈ ਅਤੇ ਪਹਿਲੀ ਨਜ਼ਰੇ ਘਟਨਾ ਦੋਵਾਂ ਧੜਿਆਂ ਵਿਚ ਆਪਸੀ ਦੁਸ਼ਮਣੀ ਦੀ ਜਾਪ ਰਹੀ ਹੈ।
ਉਨ੍ਹਾਂ ਕਿਹਾ, ‘ਇਹ ਵਿਦਿਆਰਥੀਆਂ ਦੇ ਸਮੂਹ ਦੁਆਰਾ ਜਾਅਲੀ ਈ-ਮੇਲ ਦੀ ਤਰ੍ਹਾਂ ਜਾਪਦਾ ਹੈ। ਕੈਂਪਸ ਵਿੱਚ ਇੱਕ ਸਮਾਗਮ ਹੋਇਆ ਸੀ ਜਿਸਦਾ ਇੱਕ ਸਮੂਹ ਵਿਰੋਧ ਕਰ ਰਿਹਾ ਸੀ। ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ ਅਤੇ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ। ਅਜਿਹਾ ਲਗਦਾ ਹੈ ਕਿ ਕਿਸੇ ਨੇ ਪਲੇਟਫਾਰਮ ਦੀ ਦੁਰਵਰਤੋਂ ਕੀਤੀ ਹੈ।
ਈ-ਮੇਲ ਲਿਖਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਪਛਾਣ ਲੁਕਾ ਰਿਹਾ ਹੈ। ਈ-ਮੇਲ ਵਿੱਚ, ਵਿਦਿਆਰਥੀ ਨੇ ਕਿਹਾ, ‘ਮੈਂ ਐਮਬੀਬੀਐਸ ਪਹਿਲੇ ਸਾਲ ਦਾ ਵਿਦਿਆਰਥੀ ਹਾਂ। ਮੈਂ ਰੈਗਿੰਗ ਲਈ ਸਾਡੇ ਸੀਨੀਅਰਾਂ ਖਿਲਾਫ ਸ਼ਿਕਾਇਤ ਕਰਨਾ ਚਾਹੁੰਦਾ ਹਾਂ। ਪਿਛਲੇ ਕੁੱਝ ਦਿਨਾਂ ਤੋਂ ਉਹ ਸਾਨੂੰ ਸਵੇਰੇ 1 ਵਜੇ ਫੋਨ ਕਰਕੇ ਕਹਿੰਦੇ ਹਨ ਕਿ ਇਹ ਫ੍ਰੈਸ਼ਰਸ ਲਈ ਇੱਕ ਇੰਟਰੋ ਹੈ।
ਇਹ ਵੀ ਪੜ੍ਹੋ : ਇੱਕ ਹੋਰ ਪੰਜਾਬਣ ਵਿਦੇਸ਼ ਪਹੁੰਚ ਕੇ ਕਰ ਗਈ ਦਗ਼ਾ, ਚਾਰ ਸਾਲਾ ਬੱਚੀ ਨੂੰ ਵੀ ਭੁੱਲੀ, ਮਾਂ ਨੂੰ ਮਿਲਣ ਲਈ ਤੜਫ ਰਹੀ ਮਾਸੂਮ
ਦੱਸਣਯੋਗ ਹੈ ਕਿ ਖਾਸ ਤੌਰ ‘ਤੇ ਸੁਪਰੀਮ ਕੋਰਟ ਨੇ ਰੈਗਿੰਗ ‘ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਲਈ ਸਖਤ ਕਾਨੂੰਨ ਵੀ ਬਣਾਇਆ ਗਿਆ ਹੈ, ਜਿਸ ਵਿਚ ਦੋਸ਼ੀ ਵਿਦਿਆਰਥੀ ਨੂੰ ਕਲਾਸ ਤੋਂ ਸਸਪੈਂਡ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਕੋਈ ਵੀ ਪ੍ਰੇਸ਼ਾਨ ਵਿਦਿਆਰਥੀ ਆਪਣੀ ਸ਼ਿਕਾਇਤ ਥਾਣੇ ਵਿਚ ਦਰਜ ਕਰਵਾ ਸਕਦਾ ਹੈ।