Rakhra Punnia fair : ਅੰਮ੍ਰਿਤਸਰ: ਬਾਬਾ ਬਕਾਲਾ ਵਿਖੇ ਸਾਉਣ ਮਹੀਨੇ ਵਿਚ ਹਰ ਸਾਲ ਵਾਂਗ ਰੱਖੜ ਪੁੰਨਿਆ ਮੌਕੇ ਲੱਗਣ ਵਾਲੇ ਮੇਲੇ ਦੀ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਜਾਜ਼ਤ ਨਹੀਂ ਹੋਵੇਗੀ। ਇਸ ਮੌਕੇ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਹੀ ਅਰਦਾਸ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਵਾਇਰਸ ਦੇ ਕਾਰਨ ਇਸ ਵਾਰ ਮੇਲੇ ‘ਚ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਹਰ ਸਾਲ ਸਾਉਣ ਮਹੀਨੇ ਦੀ ਪੁੰਨਿਆ ਮੌਕੇ ਰੱਖੜ ਪੁੰਨਿਆਂ ਦਾ ਮੇਲਾ ਲਗਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਲੋੜ ਪੈਣ ’ਤੇ ਬਾਜ਼ਾਰਾਂ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਲੋੜ ਮੁਤਾਬਕ ਸਖਤ ਫੈਸਲੇ ਲਏ ਜਾ ਸਕਦੇ ਹਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਸਟਾਲ ਜਾਂ ਫਿਰ ਪੰਗੂੜੇ ਲਗਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪਹਿਲਾਂ ਹੀ ਬੇਨਤੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਥਾਨ ’ਤੇ ਸਾਉਣ ਮਹੀਨੇ ਦੀ ਰੁੰਨਿਆਂ ਮੌਕੇ ਰੱਖੜ ਪੁੰਨਿਆਂ ’ਤੇ ਲੱਗਣ ਵਾਲਾ ਮੇਲਾ ਪੰਜਾਬ ਦੇ ਪ੍ਰਸਿੱਧ ਚਾਰ ਮੇਲਿਆਂ ਦੇ ਵਿੱਚੋਂ ਇੱਕ ਹੈ, ਜੋਕਿ ਇਸ ਵਾਰ 3 ਅਗਸਤ ਨੂੰ ਆਏਗਾ। ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।