ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ‘ਤੇ ਰਿਹਾਅ ਹੋ ਗਿਆ ਹੈ। ਰਾਮ ਰਹੀਮ ਨੂੰ ਕੁਝ ਸ਼ਰਤਾਂ ‘ਤੇ 21 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਦੌਰਾਨ ਉਨ੍ਹਾਂ ਨੂੰ ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਹੋਵੇਗੀ। ਉਨ੍ਹਾਂ ਨੂੰੰ ਕੋਈ ਸਤਿਸੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਇਸ ਦੌਰਾਨ ਉਹ ਕੋਈ ਸਿਆਸੀ ਗੱਲਬਾਤ ਵੀ ਨਹੀਂ ਕਰ ਸਕਣਗੇ। ਰਾਮ ਰਹੀਮ ਗੁਰੂਗ੍ਰਾਮ ਡੇਰੇ ‘ਤੇ ਪੁਲਿਸ ਦੀ ਨਿਗਰਾਨੀ ਵਿਚ ਰਹੇਗਾ। ਉਸ ਦੀ ਸੁਰੱਖਿਆ ਵਿਚ 300 ਤੋਂ ਵੱਧ ਜਵਾਨ ਤਾਇਨਾਤ ਹੋਣਗੇ ਤੇ 100 ਜਵਾਨ 8 ਘੰਟੇ ਦੀ ਸ਼ਿਫਟ ਵਿਚ ਡਿਊਟੀ ਕਰਨਗੇ।
ਰਾਮ ਰਹੀਮ ਹਰਿਆਣਾ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਸਨ। ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਉਸ ਦੇ ਸੇਵਾਦਾਰ ਉਸ ਨੂੰ ਲੈ ਗਏ। ਭਾਰੀ ਪੁਲਿਸ ਸੁਰੱਖਿਆ ਨਾਲ ਉਹ ਗੁਰੂਗ੍ਰਾਮ ਪੁੱਜਾ। ਰਾਮ ਰਹੀਮ ਸੋਹਣਾ ਰੋਡ ‘ਤੇ ਸਾਊਥ ਸਿਟੀ-2 ਇਲਾਕੇ ਵਿਚ ਬਣੇ ਆਪਣੇ ਆਲੀਸ਼ਾਨ ਆਸ਼ਰਮ ਵਿਚ ਰਹੇਗਾ।
ਰਾਮ ਰਹੀਮ ਦੀ ਰਿਹਾਈ ਪੰਜਾਬ ਵਿਚ ਚੋਣਾਂ ਤੋਂ 13 ਦਿਨ ਪਹਿਲਾਂ ਹੋਈ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿਚ 300 ਵੱਡੇ ਡੇਰੇ ਹਨ, ਜਿਨ੍ਹਾਂ ਦਾ ਸਿੱਧਾ ਦਖਲ ਸੂਬੇ ਦੀ ਰਾਜਨੀਤੀ ਵਿਚ ਹੈ। ਇਹ ਡੇਰੇ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਖੇਤਰ ਵਿਚ ਆਪਣਾ ਦਬਦਬਾ ਹੈ। ਡੇਰਾ ਮੁਖੀ ਦੀ 21 ਦਿਨ ਦੀ ਪੈਰੋਲ ਦੀ ਅਰਜ਼ੀ ਹਰਿਆਣਾ ਜੇਲ੍ਹ ਵਿਭਾਗ ਵੱਲੋਂ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਸੀ। ਰੋਹਤਕ ਦੇ ਕਮਿਸ਼ਨਰ ਦੇ ਦਸਤਖਤ ਤੋਂ ਬਾਅਦ ਉਸ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਪੈਰੋਲ ਦੀ ਖਬਰ ਮਿਲਦਿਆਂ ਦੀ 3-4 ਗੱਡੀਆਂ ਦਾ ਇੱਕ ਕਾਫਲਾ ਰਾਮ ਰਹੀਮ ਨੂੰ ਲੈਣ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਰਵਾਨਾ ਹੋਇਆ। ਇਸ ਵਿਚ ਡੇਰੇ ਦੇ ਕਈ ਸੇਵਾਦਾਰ ਸ਼ਾਮਲ ਸਨ। ਡੇਰੇ ਵਿਚ ਸ਼ਰਧਾਲੂ ਖੁਸ਼ੀਆਂ ਮਨਾਉਣ ਲੱਗੇ ਹਨ।
ਸਾਧਵੀਆਂ ਦੇ ਯੌਨ ਸੋਸ਼ਣ ਮਾਮਲੇ ਵਿਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੇ 17 ਮਈ 2021 ਨੂੰ ਮਾਂ ਦੀ ਬੀਮਾਰੀ ਦਾ ਹਵਾਲਾ ਦੇ ਕੇ 21 ਦਿਨ ਦੇ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਇਸ ਅਰਜ਼ੀ ‘ਤੇ ਉਸ ਨੂੰ 21 ਮਈ 2021 ਨੂੰ 12 ਘੰਟੇ ਦੀ ਪੈਰੋਲ ਮਿਲੀ ਸੀ। ਇਸ ਤਰ੍ਹਾਂ ਪਿਛਲੇ 8 ਮਹੀਨੇ ਵਿਚ ਰਾਮ ਰਹੀਮ ਨੂੰ ਦੂਜੀ ਵਾਰ ਜੇਲ੍ਹ ਤੋਂ ਰਿਹਾਈ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਗੌਰਤਲਬ ਹੈ ਕਿ ਡੇਰੇ ਦੀ ਸਥਾਪਨਾ 1948 ਵਿਚ ਸ਼ਾਹ ਮਸਤਾਨਾ ਨੇ ਕੀਤੀ ਸੀ। 1960 ਵਿਚ ਸ਼ਾਹ ਸਤਨਾਮ ਡੇਰੇ ਦੀ ਗੱਦੀ ‘ਤੇ ਬੈਠੇ। ਇਸ ਤੋਂ ਬਾਅਦ 1990 ‘ਚ 23 ਸਾਲ ਦੀ ਉਮਰ ‘ਚ ਰਾਮ ਰਹੀਮ ਡੇਰੇ ਦੀ ਗੱਦੀ ‘ਤੇ ਬੈਠਾ ਸੀ। ਸਾਲ 2006-07 ਵਿਚ ਡੇਰਾ ਸੱਚਾ ਸੌਦਾ ਨੇ ਰਾਜਨੀਤਕ ਵਿੰਗ ਬਣਾਈ। ਇਸ ਵਿਚ ਡੇਰਾ ਮੁਖੀ ਦੇ ਵਿਸ਼ਵਾਸਪਾਤਰ ਲੋਕ ਸ਼ਾਮਲ ਹਨ। ਨਾਲ ਹੀ ਹਰ ਸੂਬੇ ਦੀ 45 ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ।
ਸਾਲ 2007, 2012, 2017 ਦੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਪੂਰੀ ਤਰ੍ਹਾਂ ਤੋਂ ਹਿੱਸੇਦਾਰੀ ਕੀਤੀ। 2014 ਦੀਆਂ ਲੋਕ ਸਭਾਚੋਣਾਂ ਤੇ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਡੇਰਾ ਮੁਖੀ ਨੇ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਮਿਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਸਮਰਥਨ ਦਿੱਤਾ। ਸਾਰੇ ਨੇਤਾ ਵੋਟਾਂ ਦੀ ਰਾਜਨੀਤੀ ਲਈ ਡੇਰੇ ਵਿਚ ਮੱਥਾ ਟੇਕਣ ਪਹੁੰਚਦੇ ਹਨ।