ਚੰਡੀਗੜ੍ਹ : ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਡੇਰਾ ਮੁਖੀ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਰੋਹਤਕ ਤੋਂ ਪੇਸ਼ ਹੋਇਆ, ਜਦੋਂ ਕਿ ਬਾਕੀ ਦੋਸ਼ੀ ਕ੍ਰਿਸ਼ਨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸਬਦੀਲ ਮੰਗਲਵਾਰ ਨੂੰ ਸੁਣਵਾਈ ਦੌਰਾਨ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ। ਦੋਸ਼ੀਆਂ ਦੇ ਵਕੀਲ ਨੇ ਇਹ ਕਹਿੰਦੇ ਹੋਏ ਹੋਰ ਸਮਾਂ ਮੰਗਿਆ ਕਿ ਉਹ ਇਸਤਗਾਸਾਪੱਖ ਦੁਆਰਾ ਰੱਖੀਆਂ ਗਈਆਂ ਗੱਲਾਂ ਵਿੱਚੋਂ ਲੰਘਣਾ ਚਾਹੁੰਦੇ ਹਨ। ਉਨ੍ਹਾਂ ਦੀ ਬੇਨਤੀ ‘ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਅੱਗੇ ਵਧਾ ਦਿੱਤੀ। ਅਦਾਲਤੀ ਕੰਪਲੈਕਸ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਦੱਸਣਯੋਗ ਹੈ ਕਿ 8 ਅਕਤੂਬਰ, 2021 ਨੂੰ ਅਦਾਲਤ ਨੇ ਰਾਮ ਰਹੀਮ ਅਤੇ ਚਾਰ ਹੋਰਨਾਂ ਨੂੰ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਸਾਬਕਾ ਮੈਨੇਜਰ ਰਣਜੀਤ ਸਿੰਘ ਦੀ 2002 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੱਕ ਗੁੰਮਨਾਮ ਚਿੱਠੀ ਦੇ ਮਾਮਲੇ ‘ਚ ਰਣਜੀਤ ਸਿੰਘ ਦਾ ਨਾਂ ਆਉਣ ਤੋਂ ਬਾਅਦ ਉਸਦੀ ਹੱਤਿਆ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਡੇਰਾ ਮੁਖੀ ਦੁਆਰਾ ਔਰਤਾਂ ਦਾ ਯੌਨ ਸ਼ੋਸ਼ਣ ਕੀਤਾ ਜਾ ਰਿਹਾ ਸੀ।
ਦੇਖੋ ਵੀਡੀਓ :