Reconstruction of Budha Nalla : ਪੰਜਾਬ ਸਰਕਾਰ ਨੇ ਲੁਧਿਆਣਾ ਵਿਚ ਬੁੱਢਾ ਨਾਲਾ ਦੀ ਮੁੜ ਉਸਾਰੀ ਲਈ 650 ਕਰੋੜ ਦੇ ਪ੍ਰਾਜੈਕਟ ਦਾ ਕੰਮ ਖੁਦ ਆਪਣੇ ਹੱਥ ਵਿਚ ਲੈ ਲਿਆ ਹੈ। ਹੁਣ ਛੇਤੀ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਰੇ ਦਰਿਆਵਾਂ ਦੀ ਸਫਾਈ ’ਤੇ ਕੰਮ ਕੀਤਾ ਜਾਵੇਗਾ। ਉਥੇ ਹੀ ਨਾਲਿਆਂ ਦੇ ਸੁੰਦਰੀਕਰਨ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੋਣਗੇ, ਜਿਥੇ ਨਾਲਿਆਂ ਦੇ ਦੋਵੇਂ ਪਾਸੇ ਪੌਦੇ ਲਗਾਏ ਜਾਣਗੇ ਅਤੇ ਸੜਕ ਬਣਾਈ ਜਾਵੇਗੀ।
ਦੱਸਣਯੋਗ ਹੈ ਕਿ ਬੁੱਢਾ ਨਾਲਾ ਦੇ ਕਾਇਆਕਲਪ ਪ੍ਰਾਜਾਕਟ ਨੂੰ ਮੁਖ ਮੰਤਰੀ ਨੇ 7 ਜਨਵਰੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਸ ਸਮੇਂ ਚੰਡੀਗੜ੍ਹ ਵਿਚ ਇਕ ਬੈਠਕ ਦੌਰਾਨ ਉਨ੍ਹਾਂ ਨੂੰ ਲੋਕਲ ਬਾਡੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੂੰ ਦੋ ਸਾਲ ਵਿਚ ਪ੍ਰਾਜੈਕਟ ਨੂੰ ਪੂਰਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਬਾਅਦ ਵਿਚ ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਦੀ ਸਥਿਤੀ ਪੈਦਾ ਹੋ ਗਈ ਅਤੇ ਇਸ ਦੇ ਚੱਲਦਿਆਂ ਇਹ ਪ੍ਰਾਜੈਕਟ ਅਜੇ ਤੱਕ ਸ਼ੁਰੂ ਵੀ ਨਹੀਂ ਹੋ ਸਕਿਆ ਹੈ।
ਹਾਲਾਤ ਆਮ ਹੋਣ ’ਤੇ ਛੇਤੀ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ। 47.55 ਕਿਲੋਮੀਟਰ ਲੰਬੇ ਇਸ ਦਰਿਆ ਦਾ ਲਗਭਗ 16 ਕਿਲੋਮੀਟਰ ਦਾ ਹਿੱਸਾ ਲੁਧਿਆਣਾ ਸ਼ਹਿਰ ਤੋਂ ਹੋ ਕੇ ਲੰਘਦਾ ਹੈ। ਕੈਪਟਨ ਨੇ ਪ੍ਰਾਜੈਕਟ ਨੂੰ ਮਿਸ਼ਨ ਵਾਂਗ ਚਲਾਉਣ ਦੀ ਅਪੀਲ ਕਰਦਿਆਂ ਸਥਾਨਕ ਉਦਯੋਗਾਂ, ਸਵੈਮ-ਸੇਵੀ ਧਾਰਮਿਕ ਅਤੇਸਮਾਜਿਕ ਸੰਸਥਾਵਾਂ ਨੂੰ ਵੀ ਪ੍ਰਾਜੈਕਟ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਜੈਕਟ ਦੀ ਲਾਗਤ ਵਿਚ ਸੂਬਾ ਸਰਕਾਰ 342 ਕਰੋੜ ਰੁਪਏ ਅਤੇ ਕੇਂਦਰ ਸਰਕਾਰ 208 ਕਰੋੜ ਰੁਪਏ ਦਾ ਯੋਗਦਾਨ ਦੇਵੇਗੀ। ਇਸ ਤੋਂ ਇਲਾਵਾ 100 ਕਰੋੜ ਦਾ ਯੋਗਦਾਨ ਨਿੱਜੀ ਆਪ੍ਰੇਟਰਾਂਵੱਲੋਂ ਦਿੱਤਾ ਜਾਵੇਗਾ।