ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਡਿਊਕ ਫੈਕਟਰੀ ਦੇ ਬਾਹਰ 2 ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਫਾਈਨਾਂਸਰ ਦੀ ਜੇਬ ‘ਚੋਂ 10 ਹਜ਼ਾਰ ਰੁਪਏ, ਦੋ ਮੋਬਾਈਲ ਅਤੇ ਇਕ ਸੋਨੇ ਦੀ ਚੇਨ ਖੋਹ ਲਈ। ਲੁਟੇਰੇ ਜਾਂਦੇ ਸਮੇਂ ਕਾਰ ਦੀਆਂ ਚਾਬੀਆਂ ਵੀ ਆਪਣੇ ਨਾਲ ਲੈ ਗਏ। ਖੁਸ਼ਕਿਸਮਤੀ ਨਾਲ ਕਾਰ ਦੀ ਇੱਕ ਹੋਰ ਚਾਬੀ ਕਾਰ ਵਿੱਚ ਮੌਜੂਦ ਸੀ, ਜਿਸ ਦੀ ਮਦਦ ਨਾਲ ਉਹ ਘਰ ਪਹੁੰਚ ਸਕਿਆ।
ਨੌਜਵਾਨ ਹਰਸ਼ ਸਰੀਨ ਨੇ ਦੱਸਿਆ ਕਿ ਉਹ ਗ੍ਰੀਨਲੈਂਡ ਸਕੂਲ ਦੇ ਪਿਛਲੇ ਪਾਸੇ ਆਕਾਸ਼ ਨਗਰ ਵਿੱਚ ਰਹਿੰਦਾ ਹੈ। ਉਹ ਬੈਂਕਿੰਗ ਲਾਈਨ ਵਿੱਚ ਵਿੱਤ ਦਾ ਕੰਮ ਕਰਦਾ ਹੈ। ਉਹ ਕੰਮ ਦੇ ਸਿਲਸਿਲੇ ਵਿਚ ਆਪਣੇ ਦੋਸਤ ਨਾਲ ਕੁਰੂਕਸ਼ੇਤਰ (ਹਰਿਆਣਾ) ਗਿਆ ਹੋਇਆ ਸੀ। ਇੱਥੇ ਕੰਮ ਨਿਪਟਾਉਣ ਤੋਂ ਬਾਅਦ ਉਹ ਰਾਤ 11:30 ਵਜੇ ਲੁਧਿਆਣਾ ਪੁੱਜੇ। ਉਸ ਨੇ ਸਾਥੀ ਨੂੰ ਸ਼ੇਰਪੁਰ ਚੌਕ ‘ਤੇ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਘਰ ਵੱਲ ਨਿਕਲ ਗਿਆ।
ਇਹ ਵੀ ਪੜ੍ਹੋ : ਬੈਂਗਲੁਰੂ ‘ਚ ਐਕਸਪ੍ਰੈਸ ਟਰੇਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਮੌਜੂਦ
ਇਸ ਦੌਰਾਨ ਡਿਊਕ ਫੈਕਟਰੀ ਨੇੜੇ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਅਤੇ ਕਾਰ ਸੜਕ ਕਿਨਾਰੇ ਰੱਖ ਕੇ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋ ਲੁਟੇਰੇ ਕਾਰ ਵਿੱਚ ਬੈਠ ਗਏ। ਇੱਕ ਕੋਲ ਹਥਿਆਰ ਸੀ ਤੇ ਦੂਜੇ ਨੇ ਉਸਨੂੰ ਕਾਰ ਵਿੱਚ ਬੈਠ ਕੇ ਫੜ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਦੇ ਸਿਰ ‘ਤੇ ਹਥਿਆਰ ਨਾਲ ਵਾਰ ਕਰ ਦਿੱਤਾ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਗਲੇ ‘ਚੋਂ ਸੋਨੇ ਦੀ ਚੇਨ, ਸੈਮਸੰਗ ਕੰਪਨੀ ਦੇ ਦੋ ਮੋਬਾਈਲ, ਉਸ ਦੀ ਜੇਬ ਵਿੱਚ ਪਏ ਪੈਸੇ ਅਤੇ ਕਾਰ ਦੀ ਚਾਬੀ ਖੋਹ ਲਈ। ਹਰਸ਼ ਦੂਜੀ ਚਾਬੀ ਦੀ ਮਦਦ ਨਾਲ ਘਰ ਪਹੁੰਚਿਆ। ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਲੈ ਗਏ। ਇਸ ਦੇ ਨਾਲ ਹੀ ਪੀੜਤ ਨੇ ਘਟਨਾ ਸਬੰਧੀ ਸਲੇਮ ਟਾਬਰੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। SHO ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: