ਸਾਈਂ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ। ਸਾਈਂ ਜੀ ਨੇ ਇਸ ਧਰਤੀ ‘ਤੇ ਖ਼ੁਦਾ ਦੀ ਇਬਾਦਤ ਲਈ ਇੱਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ – ਕਸ਼ਮੀਰ , ਕੁਲੂ – ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ । ਇਤਿਹਾਸਕਾਰਾਂ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁੱਕੀ ਸੀ ਕੁਦਰਤ ਵਲੋਂ ਉਨ੍ਹਾਂ ਨੂੰ ਇਕ ਸ਼ੇਰ , ਇੱਕ ਕੁੱਤਾ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁੱਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ ।
ਸਾਈਂ ਜੀ ਭਗਤੀ ‘ਚ ਲੀਨ ਹੋ ਗਏ ਅਤੇ ਤਪੱਸਿਆ ਕਰਨ ‘ਚ ਰੁੱਝੇ ਰਹਿੰਦੇ। ਉਨ੍ਹਾਂ ਭਾਰੀ ਤਪੱਸਿਆ ਕੀਤੀ। ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਵਿੱਚ ਸਨ ਤਾਂ ਉਨ੍ਹਾਂ ਕੋਲ ਇਕ ਵਿਅਕਤੀ ਦਰਸ਼ਨਾਂ ਨੂੰ ਆਇਆ, ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇਕ ਪ੍ਰੇਮੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।
ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਇੰਨੀ ਦੂਰ ਤੁਹਾਨੂੰ ਕੌਣ ਯਾਦ ਕਰ ਰਿਹਾ ਹੈ ਤਾਂ ਬਾਬਾ ਬੁੱਢਣ ਸ਼ਾਹ ਦਾ ਨਾਮ ਲੈ ਕੇ ਆਪ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਉਹ ਸਾਈਂ ਜੀ ਕੋਲ ਪਹੁੰਚੇ, ਜਿਵੇਂ ਹੀ ਸਾਈਂ ਜੀ ਦੀ ਸਮਾਧੀ ਖੁੱਲ੍ਹੀ ਤਾਂ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਤੇ ਨਾਲ ਉਨ੍ਹਾਂ ਦੇ ਦੋ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਬੜੇ ਅਡੋਲ ਸੁਸ਼ੋਭਿਤ ਹਨ। ਸਾਈਂ ਜੀ ਨੇ ਉਨ੍ਹਾਂ ਦੀ ਆਓਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋਅ ਕੇ ਗੁਰੂ ਨਾਨਕ ਸਾਹਿਬ ਨੂੰ ਪੀਣ ਲਈ ਭੇਟ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਇਸ ਨੂੰ ਸਵੀਕਾ ਕਰੋ।
ਗੁਰੂ ਜੀ ਅੱਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਨਾਲ ਬੇਨਤੀ ਕੀਤੀ ਕਿ ਇਸ ਵਿੱਚ ਮੇਰੀ ਸ਼ਰਧਾ ਹੈ, ਇਸ ਲਈ ਇਸ ਨੂੰ ਸਵੀਕਾਰ ਕਰੋ, ਨਹੀਂ ਤਾਂ ਮੇਰੀ ਸ਼ਰਧਾ ਟੁੱਟ ਜਾਣੀ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸ਼ਰਧਾ, ਸ਼ਰਧਾ ਹੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ, ਸਗੋਂ ਛੇਵੇਂ ਜਾਮੇ ‘ਚ ਆ ਕੇ ਜ਼ਰੂਰ ਪੀਆਂਗੇ। ਇਹ ਸਾਡੀ ਅਮਾਨਤ ਹੈ। ਸਾਈਂ ਜੀ ਇਸ ਨੂੰ ਸਾਂਭ ਕੇ ਰੱਖਿਓ। ਸਾਈਂ ਜੀ ਆਸ ਦੀ ਕਿਰਨ ਲੈ ਕੇ ਅੱਗੋਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ, ਹੁਣ ਕਿੰਨੀ ਦੇਰ ਮੈਨੂੰ ਹੋਰ ਜਿਊਣ ਲਈ ਮਜਬੂਰ ਕਰੋਗੇ। ਸਾਂਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ ਉਸ ਦੁੱਧ ਦੇ ਛੰਨੇ ਨੂੰ ਆਪਣੇ ਧੂਣੇ ਵਿਚ ਦਬਾ ਕਿ ਰੱਖ ਦਿੱਤਾ, ਜੋ ਕਿ 121 ਸਾਲ ਤਕ ਧੂਣੇ ਵਿੱਚ ਦੱਬਿਆ ਰਿਹਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਗੁਰੂਦਿਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਿਮਾਲਾ ਪਹਾੜ ਦੇ ਤਰਾਈ ਖੇਤਰ ਵਿੱਚ ਇੱਕ ਨਗਰ ਵਸਾਓ ਅਤੇ ਉੱਥੇ ਅਗਲੇ ਜੀਵਨ ਵਿੱਚ ਨਿਵਾਸ ਥਾਂ ਬਣਾਓ। ਗੁਰੂਦਿਤਾ ਜੀ ਨੇ ਪਿਤਾ ਜੀ ਨੂੰ ਬੇਨਤੀ ਕੀਤੀ ਕ੍ਰਿਪਾ ਕਰਕੇ ਤੁਸੀ ਉਸ ਵਿਸ਼ੇਸ਼ ਸਥਾਨ ਦਾ ਚੋਣ ਕਰਕੇ ਦਿਓ। ਇਸ ਤਰ੍ਹਾਂ ਪਿਤਾ ਅਤੇ ਪੁੱਤ ਪਹਾੜ ਸਬੰਧੀ ਖੇਤਰ ਦੀ ਤਲਹਟੀ ਵਿੱਚ ਵਿਚਰਨ ਕਰਣ ਲੱਗੇ। ਇਸ ਵਿੱਚ ਗੁਰੂ ਜੀ ਨੇ ਆਪਣੇ ਬੇਟੇ ਗੁਰੂਦਿਤਾ ਜੀ ਨੂੰ ਦੱਸਿਆ ਅਸੀਂ “ਪਹਿਲੇ ਜਾਮੇ” ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਨ ਕਰ ਰਹੇ ਸੀ ਤਾਂ ਉਨ੍ਹਾਂ ਦਿਨਾਂ ਇੱਥੇ ਇੱਕ ਸਾਂਈ ਬੁੱਢਣ ਸ਼ਾਹ ਨਿਵਾਸ ਕਰਦੇ ਸੀ, ਜਿਨ੍ਹਾਂ ਨੂੰ ਇਬਾਦਤ ਕਰਨ ਦੀ ਬਹੁਤ ਇੱਛਾ ਸੀ।
ਇਸਲਈ ਉਹ ਲੰਮੀ ਉਮਰ ਦੀ ਇੱਛਾ ਰੱਖਦੇ ਸਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਵੱਲੋਂ ਭੇਂਟ ਕੀਤਾ ਗਿਆ “ਦੁੱਧ” ਦਾ ਕਟੋਰਾ ਛੇਵੇਂ ਜਾਮੇ (ਸ਼ਰੀਰ) ਵਿੱਚ ਸਵੀਕਾਰ ਕਰਾਂਗੇ, ਜਦੋਂ ਤੁਹਾਡੇ ਸ੍ਵਾਸਾਂ ਦੀ ਪੂੰਜੀ ਖ਼ਤਮ ਹੋਣ ਵਾਲੀ ਹੋਵੇਗੀ। “ਹੁਣ ਉਹੀ ਸਮਾਂ ਆ ਗਿਆ ਹੈ।” ਅਸੀਂ “ਬੁੱਢਣ ਸ਼ਾਹ” ਫਕੀਰ ਵਲੋਂ ਭੇਂਟ ਕਰਕੇ ਉਸਦਾ ਦੁੱਧ ਦਾ ਕਟੋਰਾ ਸਵੀਕਾਰ ਕਰਣਾ ਹੈ। ਗੁਰੂ ਜੀ ਨੇ ਇੱਕ ਪਹਾੜ ਸਬੰਧੀ ਗਰਾਮ ਵਿੱਚ ਬੁੱਢਣ ਸ਼ਾਹ ਨੂੰ ਖੋਜ ਲਿਆ। ਬੁੱਢਣ ਸ਼ਾਹ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਕਹਿਣ ਲੱਗੇ ਕਿ ਇਹ ਤਾਂ ਠੀਕ ਹੈ ਕਿ ਤੁਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਹੋ, ਉਹੀ ਸਭ ਤੇਜਸਵ ਹੈ ਪਰ ਕ੍ਰਿਪਾ ਕਰਕੇ ਮੈਨੂੰ ਸ਼ਾਹੀ ਠਾਠ–ਬਾਠ ਤੋਂ ਹਟਕੇ ਉਸੀ ਰੂਪ ਵਿੱਚ ਦਰਸ਼ਨ ਦਿਓ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੀਰ ਨੇ ਦਿੱਤੀ ਚੁਣੌਤੀ, ਬਣ ਗਿਆ ਛੱਪੜ ਦਾ ਡੱਡੂ
ਤਾਂ ਗੁਰੂ ਜੀ ਨੇ ਬਾਬਾ ਗੁਰੂਦਿਤਾ ਜੀ ਨੂੰ ਆਦੇਸ਼ ਦਿੱਤਾਕਿ ਉਹ ਤੁਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਇਸਨਾਨ ਕਰਕੇ ਪਰਤ ਆਵੋ। ਗੁਰਦਿੱਤਾ ਜੀ ਨੇ ਅਜਿਹਾ ਹੀ ਕੀਤਾ। ਜਦੋਂ ਪਰਤ ਕੇ ਬੁੱਢਣ ਸ਼ਾਹ ਦੇ ਸਨਮੁਖ ਹੋਏ ਤਾਂ ਬੁੱਢਣ ਸ਼ਾਹ ਨੂੰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਦਿਸਿਆ। ਉਹ ਉਨ੍ਹਾਂ ਦੇ ਚਰਣਾਂ ਵਿੱਚ ਡਿੱਗ ਪਏ ਅਤੇ ਦੁੱਧ ਦਾ ਕਟੋਰਾ ਭੇਂਟ ਕਰਦੇ ਹੋਏ ਕਹਿਣ ਲੱਗੇ ਕਿਰਪਾ ਕਰਕੇ ਤੁਸੀਂ ਮੇਰੇ ਜਨਮ–ਮਰਨਦਾ ਚੱਕਰ ਖ਼ਤਮ ਕਰ ਦਿਓ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰੂਦਿਤਾ ਜੀ ਨੇ ਕਿਹਾ ਤੁਹਾਡੀ ਇੱਛਾ ਪੂਰੀ ਹੋਈ ।
ਇਹ ਵੀ ਪੜ੍ਹੋ : ਧੰਨ-ਧੰਨ ਬਾਬਾ ਨਾਨਕ ਨੇ ਜਦੋਂ ਖੁਦ ਨੂੰ ਵੇਚ ਦਿੱਤਾ, ਬਣ ਗਏ ਗੁਲਾਮ
ਕੀਰਤਪੁਰ ਸਾਹਿਬ ‘ ਚ ਹੀ ਸਾਈਂ ਬੁੱਢਣ ਸ਼ਾਹ ਜੀ ਨੇ ਅੰਤਮ ਸਾਹ ਲਏ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਹੀ ਉਨ੍ਹਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਅਸਥਾਨ ‘ ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਿਵਾਉਂਦੇ ਹਨ। ਇਸੇ ਅਸਥਾਨ ਤੋਂ ਥੋੜੀ ਦੂਰੀ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ। ਦਰਗਾਹ ਦੇ ਅੰਦਰ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ-ਨਾਲ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਨੇ ।