ਸੁਧਾਰ ਸਿਵਲ ਹਸਪਤਾਲ ‘ਚ ਸ਼ੱਕੀ ਕੋਰੋਨਾ ਮਰੀਜ਼ਾਂ ਦੇ ਸੈਂਪਲ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਂਪਲ ਦੀਆਂ ਸੀਲਬੰਦ ਸ਼ੀਸ਼ੀਆਂ ਡਸਟਬਿਨ ਵਿੱਚੋਂ ਮਿਲੀਆਂ ਹਨ। ਇਹ ਸਾਰੇ ਆਰਟੀਪੀਸੀਆਰ ਦੇ ਨਮੂਨੇ ਸਨ। ਸ਼ੀਸ਼ੀਆਂ ‘ਤੇ ਮਰੀਜ਼ ਦੀ ਸਾਰੀ ਜਾਣਕਾਰੀ ਵੀ ਲਿਖੀ ਹੋਈ ਹੈ। ਐਸਐਮਓ ਦਵਿੰਦਰ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਜਾਂਚ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਸਪਤਾਲ ਤੋਂ ਸੈਂਪਲ ਲੈ ਕੇ ਸਿਵਲ ਹਸਪਤਾਲ ਲੁਧਿਆਣਾ, ਗੜਵਾਸੂ ਅਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਨੂੰ ਜਾਂਚ ਲਈ ਭੇਜੇ ਜਾਂਦੇ ਹਨ ਪਰ ਸਟਾਫ ਨੇ ਇਨ੍ਹਾਂ ਨੂੰ ਹਸਪਤਾਲ ਭੇਜਣ ਦੀ ਬਜਾਏ ਡਸਟਬਿਨ ਵਿੱਚ ਸੁੱਟ ਦਿੱਤਾ। ਸੈਂਕੜਿਆਂ ਦੀ ਗਿਣਤੀ ਵਿੱਚ ਨਵੇਂ ਸੀਲਬੰਦ ਪੈਥਕਿਟਸ (ਨੱਕ ਤੋਂ ਨਮੂਨੇ ਲੈਣ ਲਈ ਵਰਤੇ ਜਾਂਦੇ ਹਨ) ਵੀ ਮਿਲੀਆਂ ਹਨ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਕੋਰੋਨਾ ਦੀਆਂ ਫਰਜ਼ੀ ਰਿਪੋਰਟ ਬਣਵਾਉਣ ਨਾਲ ਜੁੜਿਆ ਹੋ ਸਕਦਾ ਹੈ।
ਐਸਐਮਓ ਸੁਧਾਰ ਦਵਿੰਦਰ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ। ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਹਸਪਤਾਲ ਵਿੱਚ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਸਕਦੀ ਹੈ ਤਾਂ ਉਨ੍ਹਾਂ ਨੇ ਨੋਡਲ ਅਫਸਰ ਅਤੇ ਫਾਰਮੇਸੀ ਟੀਮ ’ਤੇ ਦੋਸ਼ ਮੜ੍ਹਦਿਆਂ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਇਹ ਅਣਗਹਿਲੀ ਸਰਕਾਰੀ ਡਿਸਪੈਂਸਰੀ ਦੀ ਟੀਮ ਵੱਲੋਂ ਕੀਤੀ ਗਈ ਹੈ। ਸੈਂਪਲ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਇੰਨੀ ਵੱਡੀ ਗਲਤੀ ਕਿਸ ਨੇ ਕੀਤੀ, ਪੂਰੀ ਜਾਂਚ ਕਰਵਾਈ ਜਾਵੇਗੀ।
ਦੂਜੇ ਪਾਸੇ ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ.ਸਿੰਘ ਨੇ ਇਸ ਨੂੰ ਬਹੁਤ ਹੀ ਗੰਭੀਰ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਨੂੰ ਸੁਧਾਰਨ ਦੀ ਸਾਰੀ ਜ਼ਿੰਮੇਵਾਰੀ ਉੱਥੋਂ ਦੇ ਐੱਸ.ਐੱਮ.ਓ. ਦੀ ਹੈ। ਉਹ ਕਿਸੇ ਹੋਰ ‘ਤੇ ਦੋਸ਼ ਲਗਾ ਕੇ ਕਾਰਵਾਈ ਤੋਂ ਬਚ ਨਹੀਂ ਸਕਦੇ। ਸੋਮਵਾਰ ਨੂੰ ਐਸ.ਐਮ.ਓ ਸੁਧਾਰ ਡਾ: ਦਵਿੰਦਰ ਕੁਮਾਰ ਨੂੰ ਤਲਬ ਕਰਕੇ ਉਨ੍ਹਾਂ ਤੋਂ ਲਾਪਰਵਾਹੀ ਦਾ ਕਾਰਨ ਪੁੱਛਿਆ ਜਾਵੇਗਾ |
ਇਹ ਵੀ ਪੜ੍ਹੋ : ਸਿੱਧੂ ਨੂੰ ਮਿਲਿਆ ਦਲੇਰ ਮਹਿੰਦੀ ਦਾ ਸਾਥ, TV ਸ਼ੋਅ ਮਗਰੋਂ ਜੇਲ੍ਹ ਦੀ ਇੱਕੋ ਬੈਰਕ ‘ਚ ਇਕੱਠੇ ਹੋਏ ਦੋਵੇਂ ਦੋਸਤ
ਉਥੇ ਹੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਤਲਬ ਕੀਤੀ ਜਾਵੇਗੀ। ਮਾਮਲਾ ਲੋਕਾਂ ਦੀ ਸਿਹਤ ਅਤੇ ਕੋਰੋਨਾ ਵਰਗੀ ਮਹਾਮਾਰੀ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਲਾਪਰਵਾਹੀ ਲਈ ਕੋਈ ਥਾਂ ਨਹੀਂ ਹੈ। ਜਿਸ ਦੀ ਵੀ ਗਲਤੀ ਸਾਹਮਣੇ ਆਈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: