ਝਾਰਖੰਡ ‘ਚ ਇੱਕ ਹਾਥੀ ਨੇ ਪੂਰੇ ਸ਼ਹਿਰ ਨੂੰ ਭਾਜੜਾਂ ਪਾ ਦਿੱਤੀਆਂ ਹਨ। ਝੁੰਡ ਤੋਂ ਵੱਖ ਹੋਏ ਹਾਥੀ ਨੇ 12 ਦਿਨਾਂ ‘ਚ 16 ਲੋਕਾਂ ਦੀ ਜਾਨ ਲੈ ਲਈ। ਮਾਮਲਾ ਝਾਰਖੰਡ ਦੀ ਰਾਜਧਾਨੀ ਰਾਂਚੀ ਦਾ ਹੈ। ਇੱਥੇ ਝੁੰਡ ਤੋਂ ਵੱਖ ਹੋਏ ਹਾਥੀ ਨੇ 5 ਲੋਕਾਂ ਨੂੰ ਕੁਚਲ ਦਿੱਤਾ, ਜਿਸ ‘ਚੋਂ 4 ਲੋਕਾਂ ਦੀ ਮੌਤ ਹੋ ਗਈ। 1 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ ਜਿਸ ਦਾ ਰਿਮਸ ਵਿਖੇ ਇਲਾਜ ਕੀਤਾ ਜਾ ਰਿਹਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਹਜ਼ਾਰੀਬਾਗ, ਰਾਮਗੜ੍ਹ, ਚਤਰਾ, ਲੋਹਰਦਗਾ ਅਤੇ ਰਾਂਚੀ ਜ਼ਿਲ੍ਹਿਆਂ ਵਿੱਚ ਪਿਛਲੇ 12 ਦਿਨਾਂ ਵਿੱਚ 16 ਲੋਕਾਂ ਨੂੰ ਹਾਥੀ ਨੇ ਕੁਚਲ ਕੇ ਮਾਰ ਦਿੱਤਾ ਹੈ। ਝਾਰਖੰਡ ਦੇ ਲੋਹਰਦਗਾ, ਹਜ਼ਾਰੀਬਾਗ, ਗੜ੍ਹਵਾ, ਲਾਤੇਹਾਰ, ਚਾਈਬਾਸਾ ਅਤੇ ਹੁਣ ਰਾਂਚੀ ਵਿੱਚ ਹਾਥੀਆਂ ਦੀ ਹਿੰਸਾ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਂਚੀ ਦੇ ਇਟਕੀ ਬਲਾਕ ਵਿੱਚ ਹਾਥੀ ਨੇ 5 ਲੋਕਾਂ ਨੂੰ ਕੁਚਲ ਦਿੱਤਾ। ਇਨ੍ਹਾਂ ‘ਚ ਸੁਖਵੀਰ ਓੜਾਂ, ਗੋਵਿੰਦਾ ਓੜਾਂ, ਪੂਨੀਆ ਦੇਵੀ ਅਤੇ ਰੱਖਵਾ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਗੰਭੀਰ ਰੂਪ ‘ਚ ਜ਼ਖਮੀ ਇਤਵਾ ਉਰਾਉਂ ਦਾ ਰਿਮਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇੱਥੇ ਹਾਥੀ ਵੱਲੋਂ 4 ਲੋਕਾਂ ਨੂੰ ਕੁਚਲਣ ਦੀ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੂੰ ਰਾਂਚੀ ਦੇ ਇਟਕੀ ਇਲਾਕੇ ‘ਚ ਝੁੰਡ ਤੋਂ ਵੱਖ ਹੋ ਕੇ ਹਾਥੀ ਦੇ ਘੁੰਮਣ ਦੀ ਸੂਚਨਾ ਪਹਿਲਾਂ ਹੀ ਮਿਲੀ ਸੀ। ਸੰਭਾਵਿਤ ਖਤਰੇ ਦੇ ਮੱਦੇਨਜ਼ਰ, ਰਾਂਚੀ (ਸਦਰ) ਦੇ ਐਸ.ਡੀ.ਓ ਨੇ ਅਗਲੇ ਹੁਕਮਾਂ ਤੱਕ ਇਟਕੀ ਵਿੱਚ ਧਾਰਾ-144 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਸਨ। ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਂ ਉਜਾੜ ਇਲਾਕਿਆਂ ਵਿੱਚ ਜਾਣ ਦੀ ਮਨਾਹੀ ਸੀ।
ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਗੁਰਧਾਮਾਂ ਦੇ ਦਰਸ਼ਨਾਂ ਲਈ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨ
ਇਸ ਦੌਰਾਨ ਇਹ ਦਰਦਨਾਕ ਘਟਨਾ ਵਾਪਰੀ। ਇੱਥੇ ਮੌਕੇ ‘ਤੇ ਲੋਕਾਂ ਦੀ ਭੀੜ ਪ੍ਰਸ਼ਾਸਨ ਲਈ ਹੋਰ ਚੁਣੌਤੀਆਂ ਪੈਦਾ ਕਰ ਸਕਦੀ ਹੈ। ਜੰਗਲਾਤ ਵਿਭਾਗ ਨੇ ਲੋਕਾਂ ਨੂੰ ਹਾਥੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਉਸ ਨੂੰ ਭਜਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਕਾਰਨ ਹਾਥੀ ਜ਼ਿਆਦਾ ਗੁੱਸੇ ਵਿੱਚ ਆ ਕੇ ਨੁਕਸਾਨ ਪਹੁੰਚਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: