SGPC action in langar scam : ਸ੍ਰੀ ਅਨੰਦਪੁਰ ਸਾਹਿਬ : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਹੋਏ ਲੰਗਰ ਘਪਲੇ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਸਮੇਤ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ’ਤੇ ਅਗਲੇਰੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਗੁਰੂ ਘਰ ਵਿਚ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਲਏ ਗਏ ਇਸ ਫੈਸਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਦੋਸ਼ੀ ਪਾਏ ਗਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ ਸਮੇਤ ਅਕਾਊਂਟੈਂਟ, ਸਟੋਰਕੀਪਰ ਅਤੇ ਗੁਰਦੁਆਰਾ ਇੰਸਪੈਕਟਰ ਨੂੰ ਮੁਅੱਤਲ ਕਰਕੇ ਅਗਲੀ ਤਫਤੀਸ਼ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਹੁਣ ਗੁਰਦੀਪ ਸਿੰਘ ਕੰਗ ਨੂੰ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਜੋਕਿ ਪਹਿਲਾਂ ਮਾਛੀਵਾੜਾ ਵਿਖੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਨ।
ਕੀ ਹੈ ਮਾਮਲਾ : ਅਪ੍ਰੈਲ-ਜੂਨ ਮਹੀਨੇ ਦੌਰਾਨ ਤਾਲਾਬੰਦੀ ਦੌਰਾਨ ਸੰਗਤ ਦੀ ਨਾਮਾਤਰ ਆਮਦ ਦੇ ਬਾਵਜੂਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿਚ ਲੱਖਾਂ ਦੀ ਸਬਜ਼ੀ ਦਾ ਘਪਲਾ ਕੀਤਾ ਗਿਆ। 24 ਜੂਨ ਨੂੰ ਇੱਥੇ ਪਹੁੰਚੀ ਸ਼੍ਰੋਮਣੀ ਕਮੇਟੀ ਦੀ ਉੱਚ ਪੱਧਰੀ ਟੀਮ ਵੱਲੋਂ ਜਦੋਂ ਸਾਰੇ ਰਿਕਾਰਡ ਦੀ ਅਤੇ ਸਟੋਰ ਦੀ ਪੜਤਾਲ ਕੀਤੀ ਗਈ ਤਾਂ ਕਥਿੱਤ ਤੌਰ ’ਤੇ ਕਈ ਫਰਜ਼ੀ ਬਿੱਲ ਬਰਾਮਦ ਹੋਏ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਇੰਸਪੈਕਸ਼ਨ ਬਰਾਂਚ-85 ਦੀ ਰਿਪੋਰਟ ‘ਤੇ ਮੁੱਖ ਸਕੱਤਰ ਵਲੋਂ ਕੀਤੀ ਸਿਫਾਰਿਸ਼ ਦੇ ਆਧਾਰ ‘ਤੇ ਅੱਜ ਇਨ੍ਹਾਂ ਦੋਸ਼ੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।