ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਇੱਕ ਵਾਰ ਫਿਰ ਰਾਜਸਥਾਨ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਹੁਣ ਤੱਕ ਦੀ ਜਾਂਚ ਵਿੱਚ ਪੰਜਾਬ ਪੁਲਿਸ ਨੂੰ ਪਤਾ ਲੱਗਾ ਹੈ ਕਿ ਮੂਸੇਵਾਲਾ ਦੀ ਹੱਤਿਆ ਵਿੱਚ ਮਾਲੀ ਮਦਦ ਰਾਜਸਥਾਨ ਤੋਂ ਆਈ ਸੀ। ਉਥੋਂ ਕੁਝ ਹਥਿਆਰ ਵੀ ਬਰਾਮਦ ਹੋਏ ਹਨ। ਅਜਿਹਾ ਸੁਰਾਗ ਮਿਲਣ ਤੋਂ ਬਾਅਦ ਮਾਨਸਾ ਪੁਲਿਸ ਦੀਆਂ ਟੀਮਾਂ ਰਾਜਸਥਾਨ ਅਤੇ ਪੱਛਮੀ ਬੰਗਾਲ ਜਾ ਚੁੱਕੀਆਂ ਹਨ ਪਰ ਮਾਨਸਾ ਪੁਲਿਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੇਪਾਲ-ਪੱਛਮੀ ਬੰਗਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਦੀਪਕ ਮੁੰਡੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਗੈਂਗਸਟਰਾਂ ਨੂੰ ਰਾਜਸਥਾਨ ਅਤੇ ਪੱਛਮੀ ਬੰਗਾਲ ਤੋਂ ਆਰਥਿਕ ਮਦਦ ਮਿਲੀ ਹੈ। ਜਿਨ੍ਹਾਂ ਨੇ 100 ਤੋਂ ਵੱਧ ਦਿਨਾਂ ਤੱਕ ਕਾਤਲਾਂ ਨੂੰ ਪਨਾਹ ਦਿੱਤੀ, ਪੁਲਿਸ ਹੁਣ ਉਨ੍ਹਾਂ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨੇਪਾਲ ਬਾਰਡਰ ਤੋਂ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਾਜੇਂਦਰ ਜੋਕਰ ਨੂੰ ਫੜਿਆ।
ਕਤਲ ਦਾ ਸਬੰਧ ਰਾਜਸਥਾਨ ਦੇ ਸ਼ੇਖਾਵਟੀ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ। ਇਸ ਕਤਲ ਦੀ ਪੂਰੀ ਪਲਾਨਿੰਗ ਸੀਕਰ ‘ਚ ਕੀਤੀ ਗਈ ਸੀ। ਕਤਲ ਵਿੱਚ ਸ਼ਾਮਲ 6 ਬਦਮਾਸ਼ਾਂ ਵਿੱਚੋਂ 5 ਪੰਜਾਬ ਅਤੇ 1 ਸੀਕਰ ਦਾ ਸੀ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਸੀਕਰ ਦੀ ਸੀ। ਐਸ.ਆਈ.ਟੀ ਦੀਆਂ ਟੀਮਾਂ ਰਾਜਸਥਾਨ ਦੇ ਨਾਲ ਸੰਪਰਕ ਦੀ ਜਾਂਚ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਤਲ ਦੀ ਯੋਜਨਾ ‘ਚ ਸੀਕਰ ਦੇ ਕਈ ਬਦਮਾਸ਼ ਸ਼ਾਮਲ ਸਨ।