ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਰਿਆਣਾ ਭਾਜਪਾ ਅਤੇ ਇਸਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ’ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਿਤ ਕਰ ਕੇ ਤੇ ਸੂਬੇ ਵਿਚ ਹਿੰਸਾ ਫੈਲਾਉਣ ਦਾ ਦੋਸ਼ ਲਗਾ ਕੇ ਬਦਨਾਮ ਕਰਨ ਦਾ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਜਪਾ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਾਂਤੀਪੂਰਨ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੁੰ ਦੇਸ਼ ਵਿਰੋਧੀ ਤੇ ਅਤਿਵਾਦੀ ਕਰਾਰ ਦਿੱਤਾ ਗਿਆ। ਜਦੋਂ ਲੋਕਾਂ ਨੇ ਇਹ ਗੱਲ ਸਵੀਕਾਰ ਨਾ ਕੀਤੀ ਤਾਂ ਫਿਰ ਵੱਡੀ ਸਾਜ਼ਿਸ਼ ਰਚ ਕੇ ਉਹਨਾਂ ਨੁੰ ਹਰਿਆਣਾ ਵਿਚ ਨਸ਼ਿਆਂ ਦੇ ਸਪਾਰ ਲਈ ਜ਼ਿੰਮੇਵਾਰ ਕਰਾਰ ਦੇਣ ਦਾ ਯਤਨ ਕੀਤਾ ਗਿਆ।
ਇਹ ਵੀ ਪੜ੍ਹੋ : ‘ਕਿਸਾਨ ਸਾਡੇ ਅੰਨਦਾਤਾ ਹਨ, ਜੋ ਵੀ ਉਨ੍ਹਾਂ ਨਾਲ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ’ : ਰਾਜ ਬੱਬਰ
ਸ੍ਰੀ ਮਲੂਕਾ ਨੇ ਕਿਹਾ ਕਿ ਹਰਿਆਣਾ ਨੂੰ ਪੰਜਾਬ ਅਤੇ ਕਿਸਾਨ ਅੰਦੋਲਨ ਦੇ ਮਿਹਨਤੀ ਕਿਸਾਨਾਂ ਨੁੰ ਬਦਨਾਮ ਕਰਨ ਤੋਂ ਪਹਿਲਾਂ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਰਿਆਣਾ ਭਾਜਪਾ ਪ੍ਰਧਾਨ ਓ ਪੀ ਧਨਖੜ ਵੱਲੋਂ ਕਿਸਾਨ ਅੰਦੋਲਨ ਖਿਲਾਫ ਮਾੜੇ ਦੋਸ਼ ਲਗਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਹੋਰ ਕੁਝ ਨਹੀਂ ਬਲਕਿ ਲਹਿਰ ਨੁੰ ਕੁਚਲਣ ਦਾ ਯਤਨ ਹੈ ਤੇ ਉਨ੍ਹਾਂ ਨੇ ਧਨਖੜ ਨੂੰ ਕਿਸਾਨਾਂ ਖਿਲਾਫ ਜ਼ਹਿਰ ਉਗਲਣਾਂ ਤੇ ਪੰਜਾਬ ਦੇ ਕਿਸਾਨਾਂ ਨੁੰ ਸ਼ੈਤਾਨ ਦੱਸਣ ਦਾ ਯਤਨ ਕਰਨ ਤੋਂ ਬਾਜ਼ ਆਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਧਨਖੜ ਜੋ ਆਪ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ, ਨੁੰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੋਨੀਪਤ, ਰੋਹਤਕ ਤੇ ਝੱਜਰ ਵਿਚ ਨਸ਼ਿਆਂ ਦਾ ਪਸਾਰ ਹੋਣ ਦੇ ਭਾਜਪਾ ਪ੍ਰਧਾਨ ਦੇ ਦਾਅਵੇ ਨੁੰ ਝੁਠਾ ਅਤੇ ਬੇਬੁਨਿਆਦ ਕਰਾਰ ਦਿੱਤਾ।
ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਕਿਸਾਨਾਂ ’ਤੇ ਹਿੰਸਾ ਭੜਕਾਉਣ ਤੇ ਕਿਸਾਨਾਂ ਵਿਚੋਂ ਕਈਆਂ ਦੇ ਹੱਥਾਪਾਈ ਵਿਚ ਸ਼ਾਮਲ ਹੋਣ ਦੇ ਦੋਸ਼ ਲਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਤੱਥ ਇਸ ਤੋਂ ਉਲਟ ਬੋਲਦੇ ਹਨ। ਉਨ੍ਹਾਂ ਨੇ ਗ੍ਰਹਿ ਮੰਤਰੀ ਨੁੰ ਕਿਹਾ ਕਿ ਉਹ ਐਸ ਡੀ ਐਮ ਵੱਲੋਂ ਕਰਨਾਲ ਵਿਚ ਕਿਸਾਨਾਂ ਦੇ ਸਿਰ ਖੋਲ੍ਹੱਣ ਦੇ ਹੁਕਮਾਂ ਬਾਰੇ ਸਪਸ਼ਟੀਕਰਨ ਦੇਣ। ਉਨ੍ਹਾਂ ਕਿਹਾ ਕਿ ਇਹ ਗੱਲ ਆਨ ਕੈਮਰਾ ਰਿਕਾਰਡ ਹੋਈ ਹੈ ਪਰ ਗ੍ਰਹਿ ਮੰਤਰੀ ਜੋ ਤੁਰੰਤ ਮੁਅੱਤਲੀ ਦੇ ਹੁਕਮ ਦੇਣ ਲਈ ਜਾਣੇ ਜਾਂਦੇ ਹਨ, ਨੇ ਹਾਲੇ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਅੰਗਹੀਣ ਵਿਅਕਤੀਆਂ ਲਈ ਸਟੇਟ ਕਮਿਸ਼ਨਰ ਨੇ ਸ਼ਿਕਾਇਤਾਂ ਦੀ ਸੁਣਵਾਈ ‘ਚ ਤੇਜ਼ੀ ਲਈ ਵਿਸ਼ੇਸ਼ ਅਦਾਲਤ ਲਗਾਈ
ਮਲੂਕਾ ਨੇ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਖਿਲਾਫ ਇਸ ਤਰੀਕੇ ਦੀਆਂ ਧਮਕਾਉਣ ਵਾਲੀਆਂ ਤੇ ਕੁਚਲਣ ਦੀਆਂ ਧਮਕੀਆਂ ਲੋਕਤੰਤਰ ਦੇ ਕੰਮ ਕਰਨ ਲਈ ਸਹੀ ਨਹੀਂ ਹਲ। ਉਹਨਾਂ ਨੇ ਹਰਿਆਣਾ ਸਰਕਾਰ ਨੁੰ ਬੇਨਤੀ ਕੀਤੀ ਕਿ ਉਹ ਕੇਂਦਰ ਸਰਕਾਰ ਦੀ ਹਦਾਇਤ ’ਤੇ ਕਿਸਾਨਾਂ ਨਾਲ ਟਕਰਾਅ ਦਾ ਰਸਤਾ ਛੱਡੇ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਜੋ ਕਹਿ ਰਹੇ ਹਨ, ਉਸ ਤੋਂ ਉਲਟ ਸੱਚਾਈ ਇਹ ਹੈ ਕਿ ਕਿਸਾਨ ਅੰਦੋਲਨ ਓਨਾ ਹੀ ਹਰਿਆਣਾ ਦਾ ਹੈ ਜਿੰਨਾ ਪੰਜਾਬ ਵਾਲਿਆਂ ਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰੇ ਅਤੇ ਉਨ੍ਹਾਂ ਖਿਲਾਫ ਬਿਨਾਂ ਭੜਕਾਹਟ ਦੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਮਾਮਲਾ ਦੇਸ਼ ਦੇ ਹਿੱਤ ਵਿਚ ਕੇਂਦਰ ਸਰਕਾਰ ਕੋਲ ਚੁੱਕਣਾ ਚਾਹੀਦਾ ਹੈ ਨਾ ਕਿ ਕਿਸਾਨ ਅੰਦੋਲਨ ਨੁੰ ਬਦਨਾਮ ਕਰਨ ਅਤੇ ਇਸ ਲੋਕਤੰਤਰੀ ਲਹਿਰ ਨੁੰ ਕੁਚਲਣ ਦਾ ਯਤਨ ਕਰਨਾ ਚਾਹੀਦਾ ਹੈ।