ਚੰਡੀਗੜ੍ਹ ਵਿੱਚ ਕੇਂਦਰੀ ਮੋਟਰ ਵ੍ਹੀਕਲ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ‘ਚ ਟਰੈਫਿਕ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ। ਬੱਸ ਇਹ ਸਮਝੋ ਕਿ ਹੁਣ ਟ੍ਰੈਫਿਕ ਰੂਲਾਂ ਦੀ ਉਲੰਘਣਾ ‘ਤੇ ਹੋਰ ਸਖ਼ਤੀ ਹੋਣ ਜਾ ਰਹੀ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਬੁੱਧਵਾਰ ਨੂੰ ਹੋਈ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਲਿਆ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਬਿਨਾਂ ਹੈਲਮੇਟ ਸਿੱਖ ਔਰਤਾਂ ਦੇ ਵੀ ਚਲਾਨ ਕੱਟੇ ਜਾਣਗੇ। ਭਾਵੇਂ ਉਨ੍ਹਾਂ ਦਾ ਸਰਨੇਮ ਕੌਰ, ਗਿੱਲ ਅਤੇ ਢਿੱਲੋਂ ਹੈ। ਰੋਡ ਕੌਂਸਲ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਹੁਣ ਸਿਰਫ਼ ਦਸਤਾਰਧਾਰੀ ਔਰਤਾਂ ਦਾ ਹੀ ਚਾਲਾਨ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਦਸਤਾਰ ਪਹਿਨਣ ਵਾਲੀਆਂ ਔਰਤਾਂ ਨੂੰ ਛੱਡ ਕੇ ਸਾਰੀਆਂ ਔਰਤਾਂ ਲਈ ਦੋ ਪਹੀਆ ਵਾਹਨਾਂ ‘ਤੇ ਹੈਲਮੇਟ ਪਾਉਣਾ ਲਾਜ਼ਮੀ ਹੈ।
ਹਾਲਾਂਕੀ ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਹੀ ਲਾਗੂ ਹੋਵੇਗਾ। ਉਮੀਦ ਹੈ ਕਿ ਇਹ ਨਿਯਮ ਅਗਲੇ ਮਹੀਨੇ ਅਗਸਤ ਤੋਂ ਲਾਗੂ ਹੋ ਜਾਵੇਗਾ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਇਸ ਸਾਲ ਜਨਵਰੀ ਤੋਂ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੱਟੇ ਜਾ ਰਹੇ ਹਨ। ਪਿਛਲੇ 2 ਤੋਂ 3 ਮਹੀਨਿਆਂ ਵਿੱਚ ਔਰਤਾਂ ਦੇ ਚਲਾਨ ਕੱਟਣ ਵਿੱਚ ਕਾਫੀ ਵਾਧਾ ਹੋਇਆ ਹੈ। ਇਕੱਲੇ ਜੂਨ ਮਹੀਨੇ ਤੱਕ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਹੈਂਡ ਕੈਮਰਿਆਂ ਰਾਹੀਂ ਅਜਿਹੇ 7 ਹਜ਼ਾਰ ਦੇ ਕਰੀਬ ਚਾਲਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਮਹਿਲਾ ਦੋ ਪਹੀਆ ਵਾਹਨ ਚਾਲਕਾਂ ਨੂੰ ਨੋਟਿਸ ਅਤੇ ਡਾਕ ਚਲਾਨ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ : ਰਿਪੁਦਮਨ ਸਿੰਘ ਮਲਿਕ ਕਤਲਕਾਂਡ, ਕੈਨੇਡਾ ‘ਚ 2 ਸ਼ੂਟਰ ਗ੍ਰਿਫਤਾਰ, ਕਤਲ ਦੀ ਵਜ੍ਹਾ ਲਭ ਰਹੀ ਪੁਲਿਸ
ਹੁਣ ਤੱਕ ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਕੋਈ ਗਲਤ ਚਲਾਨ ਹੋਇਆ ਹੈ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੀ ਹੈ ਤਾਂ ਉਹ ਟ੍ਰੈਫਿਕ ਪੁਲਿਸ ਨਾਲ ਸੰਪਰਕ ਕਰ ਸਕਦੀਆਂ ਹਨ। ਪ੍ਰਸ਼ਾਸਨ ਮੁਤਾਬਕ ਕੇਂਦਰ ਸਰਕਾਰ ਵੱਲੋਂ ਮੋਟਰ ਵ੍ਹੀਕਲ ਐਕਟ ਵਿੱਚ ਕੀਤੀ ਸੋਧ ਨੂੰ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਵਿੱਚ ਲਾਗੂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: