ਅੰਮ੍ਰਿਤਸਰ ‘ਚ ਥਾਣਾ ਮਹਿਤਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇਕ ਬਦਮਾਸ਼ ਗਿਰੋਹ ਦੇ ਮੈਂਬਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਗ੍ਰਿਫਤਾਰੀ ਸ਼ੁੱਕਰਵਾਰ ਰਾਤ ਨੂੰ ਕੀਤੀ, ਜਦਕਿ ਤਸਕਰ ਦੇ ਦੋ ਸਾਥੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ 20.80 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।
ਐੱਸਪੀ (ਡੀ) ਜੁਗਰਾਜ ਸਿੰਘ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਮੁਹੱਬਤਜੀਤ ਸਿੰਘ ਵਾਸੀ ਨਾਥ ਕੀ ਖੂਈ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਕੀਤੀ ਹੈ। ਸ਼ਨੀਵਾਰ ਨੂੰ ਪੁਲਿਸ ਲਾਈਨ ਕੰਟਰੀਸਾਈਡ ਵਿਖੇ ਕੀਤੀ ਪ੍ਰੈੱਸ ਕਾਨਫਰੰਸ ‘ਚ ਐੱਸ.ਪੀ. ਨੇ ਦੱਸਿਆ ਕਿ ਥਾਣਾ ਮਹਿਤਾ ਦੇ ਐੱਸਐੱਚਓ ਲਵਪ੍ਰੀਤ ਸਿੰਘ ਬਾਜਵਾ ਨੂੰ ਸੂਚਨਾ ਮਿਲੀ ਸੀ ਕਿ ਹੈਰੋਇਨ ਤਸਕਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਮੁਹੱਬਤਜੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨੋਵਾ ਕਾਰ ਰਾਹੀਂ ਹੈਰੋਇਨ ਦੀ ਸਪਲਾਈ ਦੇਣ ਤੋਂ ਬਾਅਦ ਡਰੱਗ ਮਨੀ ਦੇ ਨਾਲ ਜਾ ਰਿਹਾ ਹੈ।
ਇਸ ਤੋਂ ਬਾਅਦ ਮਹਿਤਾ ਥਾਣਾ ਇੰਚਾਰਜ ਲਵਪ੍ਰੀਤ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਇਨੋਵਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ‘ਚੋਂ 20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਣ ‘ਤੇ ਇਕ ਸਮੱਗਲਰ ਮੁਹੱਬਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਅੰਦਰੋਂ ਇਕ ਡਬਲ ਬੈਰਲ ਰਾਈਫਲ ਅਤੇ ਉਸ ਦੇ ਛੇ ਰੌਂਦ ਵੀ ਬਰਾਮਦ ਹੋਏ।
ਜੁਗਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਸਕਰ ਮੁਹੱਬਤਜੀਤ ਸਿੰਘ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਦੇ ਹੋਰ ਦੋ ਸਾਥੀਆਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਗੋਰਾ ਵਾਸੀ ਖੂਈ, ਨਾਥ ਅਤੇ ਕੁਲਜੀਤ ਸਿੰਘ ਉਰਫ਼ ਸ਼ਿਵਾ ਵਾਸੀ ਕਿਰਪਾਲ ਕਾਲੋਨੀ 88 ਫੁੱਟੀ ਰੋਡ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਕਾਬੂ ਕੀਤੇ ਤਸਕਰ ਨੇ ਦੱਸਿਆ ਕਿ ਉਸ ਨੇ 80 ਹਜ਼ਾਰ ਰੁਪਏ ਦੀ ਡਰੱਗ ਮਨੀ ਆਪਣੇ ਸਾਥੀ ਗੋਰਾ ਦੇ ਘਰ ਛੁਪਾ ਰੱਖੀ ਹੈ। ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਡਰੱਗ ਮਨੀ ਤਾਂ ਬਰਾਮਦ ਕਰ ਲਈ, ਪਰ ਦੋਸ਼ੀ ਗੋਰਾ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਬਟਾਲਾ : ਪਿੰਡ ਕੋਟ ਮਜਲਿਸ ‘ਚ ਸਾਈਡ ਨਾ ਦੇਣ ‘ਤੇ 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ
ਮਹਿਤਾ ਥਾਣਾ ਇੰਚਾਰਜ ਨੇ ਦੱਸਿਆ ਕਿ ਮੁਹੱਬਤਜੀਤ ਖ਼ਿਲਾਫ਼ ਮੱਤੇਵਾਲ ਥਾਣਾ ਖੇਤਰ ਵਿੱਚ ਪਹਿਲਾਂ ਫਾਇਰਿੰਗ, ਅਸਲਾ ਐਕਟ, ਬਿਆਸ ਥਾਣਾ ਖੇਤਰ ਵਿੱਚ ਲੁੱਟ-ਖੋਹ ਅਤੇ ਰਣਜੀਤ ਐਵੀਨਿਊ ਥਾਣਾ ਖੇਤਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੋਹੱਬਤਜੀਤ ਸਿੰਘ ਦੇ ਸਾਥੀ ਸ਼ਿਵਾ ‘ਤੇ ਥਾਣਾ ਸਦਰ ‘ਚ ਕਤਲ, ਰਾਮਬਾਗ ਥਾਣੇ ‘ਚ ਪੁਲਿਸ ਨਾਲ ਕੁੱਟਮਾਰ ਅਤੇ ਮੋਹਾਲੀ ਥਾਣੇ ‘ਚ ਲੁੱਟ-ਖੋਹ ਦੇ ਮਾਮਲੇ ਦਰਜ ਹਨ।
ਥਾਣਾ ਇੰਚਾਰਜ ਨੇ ਦੱਸਿਆ ਕਿ ਤਸਕਰ ਗਿਰੋਹ ਦੇ ਮੈਂਬਰ ਗੋਰਾ ਖ਼ਿਲਾਫ਼ ਮਹਿਤਾ ਥਾਣੇ ਵਿੱਚ ਅਸਲਾ ਐਕਟ ਦਾ ਕੇਸ ਦਰਜ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 3 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਕੇ ਉਸ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: