Sri Japji Sahib Part Sixth : ਸ੍ਰੀ ਜਪੁਜੀ ਸਾਹਿਬ ਦੀਆਂ ਅਗਲੀਆਂ ਪਉੜੀਆਂ ਵਿੱਚ ਪਹਿਲੇ ਪਾਤਸ਼ਾਹ ਨੇ ਉਸ ਪ੍ਰਮਾਤਮਾ ਦੀ ਉਸਤਿਤ ਕਰਦਿਆਂ ਉਸ ਨੂੰ ਸਿਮਰਨ ਕਰਨ ਵਾਲਿਆਂ ਨੂੰ ਕਿੰਨੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਇਸ ਦਾ ਵਰਣਨ ਕੀਤਾ ਹੈ। ਉਹ ਅਕਾਲ ਪੁਰਖ ਜਿਸ ਨੂੰ ਹਰ ਕੋਈ ਗਾ ਰਿਹਾ ਹੈ।
ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥8॥
ਵਾਹਿਗੁਰ ਸਿਮਰਨ ਨਾਲ ਉਹ ਵੱਡ ਗੁਣੀ ਪੁਰਸ਼ ਹੋ ਜਾਂਦਾ ਹੈ। ਉਸ ਨੂੰ ਧਰਤੀ, ਅਕਾਸ, ਪਾਤਾਲ, ਖੰਡਾਂ, ਬ੍ਰਹਿਮੰਡਾ ਦੀ ਸੋਝੀ ਹੋ ਜਾਂਦੀ ਹੈ। ਉਸ ਦਾ ਸਿਮਰਨ ਕਰਨ ਵਾਲੇ ਨੂੰ ਮੌਤ (ਕਾਲ) ਛੂਹ ਵੀ ਨਹੀਂ ਸਕਦੀ। ਉਸ ਨੂੰ ਸਿਮਰਨ ਵਾਲਾ ਸਦਾ ਖੇੜੇ ਵਿੱਚ ਰਹਿੰਦਾ ਹੈ ਅਤੇ ਉਸ ਦੇ ਸਾਰੇ ਦੁੱਖ ਤੇ ਪਾਪ ਨਸ਼ਟ ਹੋ ਜਾਂਦੇ ਹਨ।
ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥9॥
ਉਸ ਅਕਾਲ ਪੁਰਖ ਦਾ ਸ਼ਿਵ, ਬ੍ਰਹਮਾ ਤੇ ਇੰਦਰ ਵੀ ਸਿਮਰਨ ਕਰਦੇ ਹਨ। ਮਾੜਾ ਬੋਲਣ ਵਾਲੇ ਵੀ ਉਸ ਦੀ ਸਲਾਹੁੰਦੇ ਭਾਵ ਉਸ ਦੀ ਪ੍ਰਸ਼ੰਸਾ ਕਰਦੇ ਹਨ। ਉਸ ਨੂੰ ਸਿਮਰਦੇ ਹੋਏ ਯੋਗੀ ਆਪਣੇ ਤਨ ਦਾ ਭੇਦ ਪਾਉਂਦੇ ਹਨ (ਜਿਵੇਂ ਕਿ ਯੋਗੀ ਪੁਰਸ਼ਾਂ ਦਾ ਆਪਣੇ ਸਰੀਰ ਵਿੱਚ ਚੱਕਰ ਵਿਗਿਆਨ ਆਦਿ ਨੂੰ ਜਾਣਨਾ), ਸ਼ਾਸਤਰਾਂ, ਸਮ੍ਰਿਤੀਆਂ ਤੇ ਵੇਦਾਂ ਵਿੱਚ ਵੀ ਉਸੇ ਅਕਾਲ ਪੁਰਖ ਦਾ ਸਿਮਰਨ ਹੈ।
ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥10॥
ਅਕਾਲ ਪੁਰਖ ਦਾ ਸਿਰਮਨ ਕਰਨ ਵਾਲੇ ਨੂੰ ਸੱਚ, ਸੰਤੋਖ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ, 68 ਤੀਰਥ ਅਸਥਾਨਾਂ ‘ਤੇ ਇਸ਼ਨਾਨ ਵਰਗਾ ਉਸ ਵਾਹਿਗੁਰੂ ਦਾ ਸਿਮਰਨ ਹੈ। ਉਸ ਨੂੰ ਸੁਣਨ, ਪੜ੍ਹਣ ਤੇ ਜਪਣ ਵਾਲੇ ਨੂੰ ਮਾਣ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਧਿਆਨ ਦਾ ਅਥਾਹ ਰਸ ਸਹਿਜ ਹੀ ਪ੍ਰਾਪਤ ਹੋ ਜਾਂਦਾ ਹੈ।
ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥11॥
ਉਸ ਵਾਹਿਗੁਰੂ ਨੂੰ ਸਿਮਰਨ ਕਰਨ ਵਾਲਾ ਕਿਰਪਾ ਦੇ ਅਥਾਹ ਡੂੰਘੇ ਸਾਗਰ ਵਿੱਚ ਡੁੱਬਕੀ ਲਗਾ ਲੈਂਦਾ ਹੈ, ਉਸ ਅਕਾਲ ਪੁਰਖ ਨੂੰ ਸ਼ੇਖ, ਪੀਰ ਤੇ ਪਾਤਸ਼ਾਹ ਵੀ ਸਿਮਰਦੇ ਹਨ, ਉਸ ਨੂੰ ਜਪਣ ਨਾਲ ਅੰਨ੍ਹੇ ਨੂੰ ਰਾਹ ਮਿਲਦਾ ਹੈ (ਭਾਵ ਭਟਕੇ ਹੋਏ ਇਨਸਾਨ ਨੂੰ ਸਹੀ ਰਸਤਾ ਨਜ਼ਰ ਆਉਂਦਾ ਹੈ), ਜਿਸ ਚੀਜ਼ ਤੱਕ ਤੁਹਾਡੀ ਪਹੁੰਚ ਨਹੀਂ ਵੀ ਹੈ, ਉਹ ਵੀ ਤੁਹਾਡੇ ਹੱਥ ਆ ਜਾਂਦੀ ਹੈ।