ਮੋਹਾਲੀ : ਦਿੱਲੀ ਤੋਂ ਹੈਰੋਇਨ ਲਿਆ ਕੇ ਟ੍ਰਾਈਸਿਟੀ ‘ਚ ਸਪਲਾਈ ਕਰਨ ਵਾਲੇ ਇੱਕ ਨਸ਼ਾ ਸਮੱਗਲਰ ਨੂੰ ਬੋਲੈਰੋ ਕਾਰ ਸਮੇਤ STF ਨੇ ਕਾਬੂ ਕਰ ਲਿਆ ਹੈ। ਦੋਸੀ ਕੋਲੋਂ 260 ਗ੍ਰਾਮ ਹੈਰੋਇਨ, 9ਐੱਮ. ਐੱਸ. ਦੀ ਪਿਸਤੌਲ ਅਤੇ 9 ਕਾਰਤੂਸ ਬਰਾਮਦ ਹੋਏ ਹਨ। ਦੋਸ਼ੀ ਦੀ ਪਛਾਣ ਧੀਰਜ ਸ਼ਰਮਾ ਨਿਵਾਸੀ ਫੇਜ਼-2 ਮੋਹਾਲੀ ਵਜੋਂ ਹੋਈ ਹੈ। ਦੋਸ਼ੀ ‘ਤੇ ਪੁਲਿਸ ਨੇ ਐੱਨ. ਡੀ. ਪੀ. ਐੱਸ. ਆਰਮਸ ਐਕਟ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀ ‘ਤੇ ਪਹਿਲਾਂ ਵੀ ਚੰਡੀਗੜ੍ਹ ਸਮੇਤ ਕਈ ਥਾਵਾਂ ਦੇ ਅਪਰਾਧਿਕ ਮਾਮਲੇ ਦਰਜ ਹਨ।
ਪੁਲਿਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ, ਇਥੋਂ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਐੱਸ. ਟੀ. ਐੱਫ. ਵੱਲੋਂ ਮੰਗਲਵਾਰ ਨੂੰ ਫੇਜ਼-2 ਸ੍ਰੀ ਗੁਰਦੁਆਰਾ ਸਾਹਿਬ ਦੇ ਨੇੜੇ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਇੱਕ ਬੋਲੈਰੋ ਗੱਡੀ ਨੂੰ ਰੋਕ ਕੇ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਤੋਂ ਹਥਿਆਰ ਤੇ ਹੈਰੋਇਨ ਬਰਾਮਦ ਹੋਈ। ਜਦੋਂ ਦੋਸ਼ੀ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਐੱਸ. ਟੀ. ਐੱਫ. ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਐੱਸ. ਟੀ. ਐੱਫ. ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿਛ ‘ਚ ਪਤਾ ਲੱਗਾ ਹੈ ਕਿ ਉਹ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦਾ ਸੀ ਅਤੇ ਇਥੇ ਟ੍ਰਾਈਸਿਟੀ ‘ਚ ਸਪਲਾਈ ਕਰਦਾ ਸੀ। ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਮਹਾਮਾਰੀ ਦੌਰਾਨ ਵੀ ਮੋਹਾਲੀ ਜਿਲ੍ਹੇ ‘ਚ ਨਸ਼ੇ ਦਾ ਗਿਰੋਹ ਸਰਗਰਮ ਰਿਹਾ ਹੈ। ਲੋਕਡਾਊਨ ‘ਚ ਵੀ ਲਗਾਤਾਰ ਐੱਸ. ਟੀ. ਐੱਫ. ਤੇ ਪੁਲਿਸ ਦੀਆਂ ਟੀਮਾਂ ਨਸ਼ਾ ਸਮਗੱਲਰਾਂ ਨੂੰ ਫੜਦੀ ਰਹੀ ਹੈ। ਇਸ ਦੌਰਾਨ ਸਭ ਤੋਂ ਵੱਧ ਨਸ਼ਾ ਸਮੱਗਲਰ ਖਰੜ ਇਲਾਕੇ ਤੋਂ ਫੜੇ ਗਏ ਹਨ। ਇਸ ਤੋਂ ਇਲਾਵਾ ਸੋਹਾਣਾ ਥਾਣੇ ਦੇ ਇਲਾਕੇ ‘ਚ ਵੀ ਨਸ਼ਾ ਸਮੱਗਲਰ ਫੜੇ ਗਏ ਹਨ। ਇਨ੍ਹਾਂ ਨੇ ਮੋਹਾਲੀ ਤੇ ਆਸ-ਪਾਸ ਦੇ ਇਲਾਕਿਆਂ ‘ਚ ਆਪਣਾ ਨੈਟਵਰਕ ਬਣਾਇਆ ਹੋਇਆ ਹੈਤੇ ਇਹ ਸਮੱਗਲਰ ਨਸ਼ੇ ਦੀ ਹੋਮ ਡਲਿਵਰੀ ਵੀ ਕਰਦੇ ਰਹੇ ਹਨ। ਇਹ ਨਸ਼ਾ ਸਮੱਗਲਰ ਮਹਿੰਗੀਆਂ ਕਾਰਾਂ ‘ਚ ਜਾਂਦੇ ਸਨ ਇਸ ਕਰਕੇ ਕੋਈ ਇਨ੍ਹਾਂ ‘ਤੇ ਸ਼ੱਕ ਵੀ ਨਹੀਂ ਕਰਦਾ ਸੀ।