Sukhbir Badal described the attack : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਲੋਟ ‘ਚ ਅੱਜ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਿੰਸਕ ਹਮਲੇ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਨੇ ਅਸੀਂ ਕਿਸੇ ਚੁਣੇ ਹੋਏ ਨੁਮਾਇੰਦੇ ਦੀ ਇੱਜ਼ਤ ਦੀ ਰਾਖੀ ਕਰਨ ਵਿਚ ਅਸਫਲ ਰਹਿਣ ਲਈ ਰਾਜ ਪੁਲਿਸ ‘ਤੇ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਕਾਂਗਰਸ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਅਸਫਲ ਰਹੀ ਹੈ।
ਉਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਇਸ ਘਟਨਾ ’ਤੇ ਪੰਜਾਬ ਦੇ ਆਪਣੇ ਹਮਰੁਤਬਾ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿੰਨ੍ਹਦਿਆਂ ਮਲੋਟ ਵਿੱਚ ਹੋਈ ਜਾਨਲੇਵਾ ਅਤੇ ਅਭਦਰ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਦੇ ਨਾਲ ਅਜਿਹੀ ਘਟਨਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਕਾਂਗਰਸ ਸਰਕਾਰ ਦੀ ਅਸਫਲਤਾ ਦਾ ਪ੍ਰਤੀਕ ਹੈ।
ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਅਜਿਹੇ ਗੈਰਕਾਨੂੰਨੀ ਵਤੀਰੇ ਦਾ ਲੋਕਤੰਤਰ ਵਿੱਚ ਕੋਈ ਸਥਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਵੇਗਾ। ਦੱਸਣਯੋਗ ਹੈ ਕਿ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਅੱਜ ਮਲੋਟ ਵਿਖੇ ਮਲੋਟ ਵਿੱਚ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ, ਜਿਥੇ ਕਿਸਾਨਾਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ। ਮੌਕੇ ‘ਤੇ ਤਾਇਨਾਤ ਪੁਲਿਸ ਵਿਧਾਇਕ ਨੂੰ ਸੁਰੱਖਿਅਤ ਵਾਪਿਸ ਭੇਜਣ ਦੀ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਸੀ, ਇਸੇ ਦੌਰਾਨ ਕਿਸਾਨਾਂ ਨੇ ਹਮਲਾ ਕਰਕੇ ਜਿਥੇ ਭਾਜਪਾ ਆਗੂਆਂ ਨੂੰ ਕੁੱਟਿਆ ਉੱਥੇ ਵਿਧਾਇਕ ਅਰੁਣ ਨਾਰੰਗ ਦੇ ਸਾਰੇ ਕੱਪੜੇ ਪਾੜ ਕਿ ਉਸ ਨੂੰ ਨੰਗਾ ਕਰ ਦਿੱਤਾ। ਪੁਲਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਇੱਕ ਦੁਕਾਨ ਦੇ ਅੰਦਰ ਵਾੜ ਕਿ ਸ਼ਟਰ ਸੁੱਟ ਕੇ ਬਚਾਇਆ।