ਸ਼੍ਰੀਲੰਕਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਪਰੀਮ ਕੋਰਟ ਨੇ ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਦੇਸ਼ ਛੱਡਣ ‘ਤੇ ਰੋਕ ਲਾ ਦਿੱਤੀ ਹੈ। ਮਹਿੰਦਾ ਰਾਜਪਕਸ਼ੇ ਦੇ ਨਾਲ-ਨਾਲ ਉਨ੍ਹਾਂ ਦੇ ਭਰਾ ਬਾਸਿਲ ਰਾਜਪਕਸ਼ੇ ‘ਤੇ ਵੀ ਦੇਸ਼ ਛੱਡਣ ‘ਤੇ ਰੋਕ ਲਾ ਦਿੱਤੀ ਹੈ।
ਦੱਸ ਦੇਈਏ ਕਿ ਸ਼੍ਰੀਲੰਕਾ ਸੰਕਟ ਲਈ ਰਾਜਪਕਸ਼ੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪਿਛਲੇ ਹਫਤੇ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਬਾਸਿਲ ਨੇ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਦੱਸ ਦੇਈਏ ਕਿ ਬਾਸਿਲ ਰਾਜਪਕਸ਼ੇ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ, ਅਪ੍ਰੈਲ ਵਿੱਚ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸੁਪਰੀਮ ਕੋਰਟ ਦਾ ਇਹ ਫੈਸਲਾ ਉਸ ਵੇਲੇ ਆਇਆ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਹੀ ਗੋਟਾਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਜਦਕਿ ਰਾਨਿਲ ਵਿਕਰਮਸਿੰਘੇ ਨੂੰ ਅੰਤਰਿਮ ਰਾਸ਼ਟਰਪਤੀ ਬਣਾਇਆ ਗਿਆ ਹੈ। ਖ਼ਬਰ ਇਹ ਵੀ ਹੈ ਕਿ ਗੋਟਾਬਾਯਾ ਰਾਜਪਕਸ਼ੇ ਸਿੰਗਾਪੁਰ ਪਹੁੰਚ ਗਏ ਹਨ। ਇਸ ਤੋਂ ਪਹਿਲਾਂ 71 ਸਾਲਾ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨੂੰ ਹਾਲ ਹੀ ਵਿੱਚ ਕੋਲੰਬੋ ਹਵਾਈ ਅੱਡੇ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉਹ ਵੀਆਈਪੀ ਟਰਮੀਨਲ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ। ਬਾਸਿਲ ਰਾਜਪਕਸ਼ੇ ਗੋਟਾਬਾਯਾ ਅਤੇ ਮਹਿੰਦਰ ਰਾਜਪਕਸ਼ੇ ਦਾ ਭਰਾ ਹੈ। ਉਸ ਕੋਲ ਅਮਰੀਕੀ ਪਾਸਪੋਰਟ ਵੀ ਹੈ। ਸ਼੍ਰੀਲੰਕਾ ਅੱਜਕਲ੍ਹ ਸਭ ਤੋਂ ਮੁਸ਼ਕਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੀ ਸਿਆਸੀ ਜ਼ਮੀਨ ਡਾਵਾਂਡੋਲ ਹੋਈ ਪਈ ਹੈ ਅਤੇ ਰਾਜਪਕਸ਼ੇ ਪਰਿਵਾਰ ਖਿਲਾਫ ਲੋਕਾਂ ਦਾ ਗੁੱਸਾ ਭੜਕਿਆ ਪਿਆ ਹੈ। ਅਜਿਹੇ ‘ਚ ਰਾਜਪਕਸ਼ੇ ਪਰਿਵਾਰ ਦੇ ਲੋਕਾਂ ਦੇ ਦੇਸ਼ ਛੱਡਣ ਦਾ ਡਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: