ਪੰਜਾਬ ਦੇ ਨਵਾਂਸ਼ਹਿਰ-ਰੋਪੜ ਮੁੱਖ ਮਾਰਗ ‘ਤੇ ਪਿੰਡ ਕਾਠਗੜ੍ਹ ਮੋੜ ਨੇੜੇ ਇੱਕ ਪੈਟਰੋਲ ਪੰਪ ਦੇ ਸਾਹਮਣੇ ਮਹਿੰਦਰਾ ਥਾਰ ਅਤੇ ਇੱਕ ਪੁਲਿਸ ਬੱਸ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਹ ਹਾਦਸਾ ਅੱਜ ਸਵੇਰੇ ਕਰੀਬ 7.30 ਵਜੇ ਵਾਪਰਿਆ। ਥਾਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ਡਿਵਾਈਡਰ ਨਾਲ ਟਕਰਾ ਕੇ ਦੂਜੇ ਡਿਵਾਈਡਰ ‘ਤੇ ਚੜ੍ਹ ਗਈ। ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਦੇ ਨਾਲ ਹੀ ਥਾਰ ਦੇ ਡਰਾਈਵਰ ਦੇ ਸਿਰ ‘ਤੇ ਸੱਟ ਲੱਗੀ ਹੈ।
ਜਾਣਕਾਰੀ ਅਨੁਸਾਰ ਮਹਿੰਦਰਾ ਥਾਰ ਗੱਡੀ ਨੰਬਰ PB08-DF-1984 ਰੋਪੜ ਤੋਂ ਆ ਰਹੀ ਸੀ। ਬੱਸ ਨੰਬਰ PB02-CR-6097 ਚੰਡੀਗੜ੍ਹ ਹਾਈਕੋਰਟ ਦੇ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਤੋਂ ਲੈ ਕੇ ਜਾ ਰਹੀ ਸੀ। ਜਦੋਂ ਇਹ ਦੋਵੇਂ ਵਾਹਨ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਆਹਮੋ-ਸਾਹਮਣੇ ਟੱਕਰ ਹੋ ਗਈ। ਥਾਰ ਵਿੱਚ 3 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ ਡਰਾਈਵਰ ਅਨਹਦ ਪੁੱਤਰ ਤੇਜਵਿੰਦਰ ਸਿੰਘ ਵਾਸੀ ਪਠਾਨਕੋਟ ਦੇ ਗੰਭੀਰ ਸੱਟਾਂ ਲੱਗੀਆਂ। 2 ਹੋਰ ਪ੍ਰਭਤਪਾਲ ਸਿੰਘ ਪੁੱਤਰ ਸਿੰਦਰ ਸਿੰਘ ਵਾਸੀ ਚੀਮਾ, ਸੰਗਰੂਰ ਅਤੇ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਤ ਭਗਤ ਰਾਮ, ਥਾਣਾ ਸਦਰ ਮਾਨਸਾ, ਜ਼ਿਲ੍ਹਾ ਮਾਨਸਾ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਸੜਕ ਹਾਦਸਾ: ਯਾਤਰੀਆਂ ਨਾਲ ਭਰੀ ਬੱਸ ਪਲਟੀ, 4 ਨੂੰ ਲੱਗੀਆਂ ਮਾਮੂਲੀ ਸੱਟਾਂ
ਗੱਡੀ ਵਿੱਚ ਸਵਾਰ ਸਮਾਜ ਸੇਵੀ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਮੁਹਾਲੀ ਤੋਂ ਗੁਰਦਾਸਪੁਰ ਲੈ ਕੇ ਜਾ ਰਹੇ ਸਨ। ਇਸ ਦੇ ਨਾਲ ਹੀ ਬੱਸ ‘ਚ ਸਵਾਰ ਕਰੀਬ 35/40 ਕਰਮਚਾਰੀ ਵਾਲ-ਵਾਲ ਬਚ ਗਏ ਪਰ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਾਠਗੜ੍ਹ ਦੇ SI ਪੂਰਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਵਾਹਨਾਂ ਨੂੰ ਸਾਈਡ ‘ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਹਾਦਸੇ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: