The bride ran away : ਗੁਰਦਾਸਪੁਰ : ਕਲਾਨੌਰ ਵਿਖੇ ਉਸ ਸਮੇਂ ਵਿਆਹ ਵਾਲੇ ਲਾੜੇ ਦੇ ਸਾਰੇ ਸੁਪਨੇ ਤਾਰ-ਤਾਰ ਹੋ ਗਏ, ਜਦੋਂ ਉਹ ਜੰਝ ਲੈ ਕੇ ਆਪਣੀ ਲਾੜੀ ਵਿਆਹੁਣ ਉਸ ਦੇ ਘਰ ਪਹੁੰਚ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਲਾੜੀ ਘਰੋਂ ਭੱਜ ਗਈ ਹੈ। ਲੜਕੀ ਦੇ ਪਿਤਾ ਨੇ ਆਪਣੀ ਦੂਜੀ ਧੀ ਤੇ ਜਵਾਈ ਨੂੰ ਲੜਕੀ ਨੂੰ ਘਰੋਂ ਭਜਾਉਣ ਲਈ ਦੋਸ਼ੀ ਠਹਿਰਾਇਆ ਹੈ, ਜਿਸ ’ਤੇ ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਲੜਕੀ ਨੂੰ ਲੱਭਣ ਦੀ ਮੰਗ ਕੀਤੀ ਹੈ।
ਲੜਕੀ ਦੇ ਪਿਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਹੈ ਕਿ ਵਿਆਹ ਵਾਲੇ ਦਿਨ ਉਹ ਕੰਮ ਵਿਚ ਰੁਝੇ ਹੋਏ ਸਨ ਤੇ ਘਰੋਂ ਕਿਸੇ ਕੰਮ ਲਈ ਬਾਹਰ ਗਏ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦੀ ਵੱਡੀ ਲੜਕੀ ਤੇ ਜਵਾਈ ਨੇ ਉਨ੍ਹਾਂ ਦੀ ਲੜਕੀ ਆਸ਼ਾ, ਜਿਸ ਦਾ ਵਿਆਹ ਸੀ, ਨੂੰ ਘਰੋਂ ਕਿਸੇ ਹੋਰ ਨਾਲ ਭਜਾ ਦਿੱਤਾ ਹੈ। ਲੜਕੀ ਦੇ ਪਿਤਾ ਨੇ ਇਸ ਸਬੰਧੀ ਪੁਲਿਸ ਵਿਚ ਲਿਖਤੀ ਤੌਰ ’ਤੇ ਸ਼ਿਕਾਇਤ ਪੁਲਿਸ ਥਾਣਾ ਕਲਾਨੌਰ ਵਿਚ ਦਰਜ ਕਰਵਾਈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਦੇ ਨਾਲ ਲੜਕੀ ਨੂੰ ਲੱਭਣ ਦੀ ਬੇਨਤੀ ਕੀਤੀ।
ਇਸ ਸਬੰਧੀ ਲਾੜੇ ਰਵੀ ਕੁਮਾਰ ਪੁੱਤਰ ਕਾਲਾ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਨੂੰ ਪਠਾਨਕੋਟ ਜ਼ਿਲੇ ਦੇ ਸਰਨਾ ਤੋਂ ਬਾਰਾਤ ਲੈ ਕੇ ਕਲਾਨੌਰ ਆਏ ਸਨ। ਵਿਆਹ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਘਰੋਂ ਗਾਇਬ ਹੋ ਗਈ ਹੈ, ਜਿਸ ’ਤੇ ਲਾੜੇ ਪੱਖ ਵਾਲਿਆਂ ਨੇ ਪੁਲਿਸ ਨੂੰ ਕਿਹਾ ਹੈ ਕਿ ਲੜਕੀ ਪਰਿਵਾਰ ਵੱਲੋਂ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਬਾਰੇ ਏਐਸਆਈ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।