ਅੱਜ ਜਿਥੇ ਚਿਹਰੇ ਦੇ ਖੂਬਸੂਰਤੀ ਹੀ ਸਭ ਕੁਝ ਸਮਝੀ ਜਾਂਦੀ ਹੈ ਉਥੇ ਅੰਮ੍ਰਿਤਸਰ ਦੇ ਨੌਜਵਾਨ ਨੇ ਇੱਕ ਅੱਖਾਂ ਤੋਂ ਸੱਖਣੀ ਕੁੜੀ ਦਾ ਪੱਲਾ ਫੜ ਕੇ ਸਮਾਜ ਨੂੰ ਸੰਦੇਸ਼ ਦਿੱਤਾ ਹੈ ਕਿ ਦਿਲ ਦੀ ਚੰਗਿਆਈ ਸਭ ਤੋਂ ਉੱਪਰ ਹੈ।
ਅੰਮ੍ਰਿਤਸਰ ਦੇ ਸੁਲਤਾਨਵਿੰਡ ਦੀ ਰਹਿਣ ਵਾਲੀ ਅਮਨਦੀਪ ਕੌਰ ਦੀ ਝੋਲੀ ਉਸ ਵੇਲੇ ਵਾਹਿਗੁਰੂ ਨੇ ਖੁਸ਼ੀਆਂ ਨਾਲ ਭਰ ਦਿੱਤੀਆਂ ਜਦੋਂ ਗੁਰਸਿੱਖ ਨੌਜਵਾਨ ਨੇ ਉਸ ਨੂੰ ਆਪਣਾ ਜੀਵਨਸਾਥੀ ਬਣਾ ਲਿਆ।
ਅਸਲ ਵਿੱਚ ਅਮਨਦੀਪ ਕੌਰ ਵੇਖ ਨਹੀਂ ਸਕਦੀ। ਅਜਿਹੀ ਸਥਿਤੀ ਵਿੱਚ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਕੋਈ ਇੱਕ ਅਖਾਂ ਤੋਂ ਬਗੈਰ ਲੜਕੀ ਨੂੰ ਅਪਣਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਨੇ ਉਸ ਨੂੰ ਆਪਣਾ ਜੀਵਨ ਸਾਥੀ ਬਣਾ ਕੇ ਉਸ ਨੂੰ ਇੱਕ ਮਾਣ-ਸਤਿਕਾਰ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਦੇਣ ਦਾ ਵੀ ਵਾਅਦਾ ਕਰਦਿਆਂ ਗੁਰ ਮਰਿਆਦਾ ਨਾਲ ਉਸ ਨਾਲ ਲਾਵਾਂ ਲਈਆਂ। ਅਮਨਦੀਪ ਲਈ ਇਹ ਇੱਖ ਸੁਪਨਾ ਸੱਚ ਹੋਣ ਵਰਗਾ ਹੈ।
ਹਰਦੀਪ ਸਿੰਘ ਨੇ ਅਮਨਦੀਪ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੇਖੀ ਸੀ। ਉਹ ਉਸ ਦੀ ਸਾਫਦਿਲੀ ਤੇ ਚੰਗਿਆਈ ਵੇਖ ਕੇ ਉਸ ਵੱਲ ਆਕਰਸ਼ਿਤ ਹੋਇਆ ਅਤੇ ਉਸ ਨੂੰ ਆਪਣਾ ਜੀਵਨਸਾਥੀ ਬਣਾਉਣ ਦਾ ਫੈਸਲਾ ਕੀਤਾ। ਹਰਦੀਪ ਦਾ ਕਹਿਣਾ ਹੈ ਕਿ ਅੱਖਾਂ ਦੀ ਰੌਸ਼ਨੀ ਹੀ ਸਭ ਕੁਝ ਨਹੀਂ ਹੁੰਦੀ, ਸਗੋਂ ਬੰਦੇ ਦੇ ਅੰਦਰ ਚੰਗੇ ਗੁਣ ਹੋਣੇ ਚਾਹੀਦੇ ਹਨ, ਜੋਕਿ ਅਮਨਦੀਪ ਵਿੱਚ ਹਨ।
ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਨੇ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੌਸ਼ਨੀ ਨਾ ਹੋਣਾ ਹੀ ਸੱਭ ਕੁਝ ਨਹੀਂ ਹੁੰਦਾ, ਸਗੋਂ ਉਹ ਇਨਸਾਨ ਦੀ ਚੰਗਿਆਈ ਨੂੰ ਵੇਖ ਕੇ ਉਸ ਵੱਲ ਆਕਰਸ਼ਿਤ ਹੋਏ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ‘ਚ ਸਵ. ਬਾਬਾ ਪਿਆਰਾ ਸਿੰਘ ਭਨਿਆਰਾਂਵਾਲਾ ਸਣੇ ਸਾਰੇ ਦੋਸ਼ੀ ਅਦਾਲਤ ਤੋਂ ਬਰੀ, ਜਾਣੋ ਪੂਰਾ ਮਾਮਲਾ
ਦੂਜੇ ਪਾਸੇ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਹਰਦੀਪ ਵਰਗਾ ਜੀਵਨ ਸਾਥੀ ਦੇ ਕੇ ਵਾਹਿਗੁਰੂ ਨੇ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ। ਹਰ ਕੋਈ ਇਸ ਜੋੜੀ ਨੂੰ ਖੁਸ਼ੀ ਨਾਲ ਅਸੀਸ ਦਿੰਦਾ ਨਜ਼ਰ ਆਇਆ।