The shopkeeper’s bravery : ਗੁਰਾਇਆ ਵਿਖੇ ਲੁਟੇਰਿਆਂ ਵੱਲੋਂ ਪਿਸਤੋਲ ਦੀ ਨੋਕ ’ਤੇ ਦਿਨ-ਦਿਹਾੜੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਦੀ ਬਹਾਦਰੀ ਕਾਰਨ ਇਕ ਵੱਡੀ ਵਾਰਦਾਤ ਹੋਣ ਤੋਂ ਟਲ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਗੁਰਾਇਆ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਰੁੜਕਾ ਰੋਡ ’ਤੇ ਦੀ ਹੈ ਜਿਥੇ ਮਨੀ ਚੇਂਜਰ ਦੀ ਦੁਕਾਨ ’ਤੇ ਦੋ ਨੌਜਵਾਨਾਂ ਦੁਕਾਨ ’ਤੇ ਕਰੰਸੀ ਬਦਲਵਾਉਣ ਦੇ ਬਹਾਨੇ ਦੁਕਾਨਦਾਰ ਕੋਲ ਆਏ ਤੇ ਮੌਕਾ ਪਾਉਂਦੇ ਹੀ ਉਨ੍ਹਾਂ ਨੇ ਪਿਸਤੌਲ ਕੱਢ ਲਈ ਤੇ ਦੁਕਾਨਦਾਰ ਕੋਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਇਸ ਮੌਕੇ ’ਤੇ ਹਿੰਮਤ ਨਹੀਂ ਹਾਰੀ ਉਸ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ, ਜਿਸ ’ਤੇ ਉਹ ਉਥੋਂ ਭੱਜ ਗਏ ਪਰ ਜਾਂਦੇ ਹੋਏ ਉਥੋਂ ਦੁਕਾਨਦਾਰ ਦਾ ਮੋਬਾਈਲ ਫੋਨ ਅਤੇ ਪਰਸ ਲੈ ਕੇ ਫ਼ਰਾਰ ਹੋ ਗਏ।
ਇਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸੁਰਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਉਹ ਦੁਪਿਹਰ 3 ਵਜੇ ਦੇ ਕਰੀਬ ਉਹ ਦੁਕਾਨ ’ਤੇ ਇਕੱਲੇ ਹੀ ਮੌਜੂਦ ਸਨ ਅਤੇ ਉਨ੍ਹਾਂ ਦਾ ਛੋਟਾ ਭਰਾ ਘਰ ਰੋਟੀ ਖਾਣ ਗਿਆ ਸੀ ਜਦਕਿ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਲੜਕਾ ਬੈਂਕ ਗਿਆ ਸੀ। ਇਸ ਦੌਰਾਨ ਇਕ ਡਿਸਕਵਰ ਮੋਟਰ ਸਾਈਕਲ ’ਤੇ 2 ਨੌਜਵਾਨ ਉਨ੍ਹਾਂ ਦੀ ਦੁਕਾਨ ’ਚ ਆਏ, ਜਿਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਤੋਂ ਪੈਸੇ ਆਏ ਹਨ। ਫਿਰ ਮੌਕਾ ਦੇਖ ਕੇ ਦੋਹਾਂ ਨੌਜਵਾਨਾਂ ਨੇ ਪਿਸਤੌਲਾਂ ਕੱਢ ਲਈਆਂ ਅਤੇ ਉਨ੍ਹਾਂ ਦੇ ਕੋਲੋਂ ਲੁੱਟ ਦੀ ਕੋਸ਼ਿਸ਼ ਕੀਤੀ।
ਇਸ ’ਤੇ ਦੁਕਾਨਦਾਰ ਨੇ ਉਨ੍ਹਾਂ ਨਾਲ ਮੁਕਾਬਲਾ ਕੀਤਾ ਤਾਂ ਦੋਵੇਂ ਦੁਕਾਨਦਾਰ ਨਾਲ ਕੁੱਟਮਾਰ ਕਰਨ ਲੱਗੇ ਪਰ ਰੌਲਾ ਪੈਣ ’ਤੇ ਦੋਵੇਂ ਡਰ ਕੇ ਮੌਕੇ ਤੋਂ ਫ਼ਰਾਰ ਹੋ ਗਏ, ਪਰ ਜਾਂਦੇ ਹੋਏ ਸੁਰਿੰਦਰਪਾਲ ਸਿੰਘ ਦਾ ਮੋਬਾਇਲ ਫ਼ੋਨ ਅਤੇ ਪਰਸ ਵੀ ਖੋਹ ਕੇ ਲੈ ਗਏ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਗੁਰਾਇਆ ਕੇਵਲ ਸਿੰਘ ਮੌਕੇ ’ਤੇ ਪਹੁੰਚੇ।ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।