ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਰੇਲਵੇ ਸਟੇਸ਼ਨ ਨੇੜੇ ਹਫੜਾ-ਦਫੜੀ ਮਚ ਗਈ। ਦਰਅਸਲ, ਦਿੱਲੀ ‘ਤੋਂ ਅੰਮ੍ਰਿਤਸਰ ਜਾ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਰੇਲਗੱਡੀ ਦੀ ਕਲਿੱਪ ਵਿਚਕਾਰੋਂ ਨਿਕਲ ਗਈ। ਜਿਸ ਕਾਰਨ ਇੰਜਣ ਸਮੇਤ ਕੁਝ ਡੱਬੇ ਅੱਗੇ ਚੱਲਦੇ ਰਹੇ, ਜਦਕਿ ਕਈ ਡੱਬੇ ਪਟੜੀ ‘ਤੇ ਹੀ ਰਹਿ ਗਏ। ਖੁਸ਼ਕਿਸਮਤੀ ਨਾਲ ਡੱਬੇ ਪਟੜੀ ਤੋਂ ਨਹੀਂ ਉਤਰੇ। ਜਿਸ ਕਰਕੇ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਦੱਸਿਆ ਜਾ ਰਿਹਾ ਹੈ ਰੇਲਗੱਡੀ ਰੋਜ਼ਾਨਾ ਦੀ ਤਰ੍ਹਾਂ ਦਿੱਲੀ ਤੋਂ ਪੰਜਾਬ ਦੇ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਇਹ ਸਮਾਲਖਾ ਕੋਲ ਪਹੁੰਚੀ ਤਾਂ ਉੱਥੇ ਸ਼ੱਕੀ ਹਾਲਾਤਾਂ ‘ਚ ਕੋਚ ਨੂੰ ਕੋਚ ਨਾਲ ਜੋੜਨ ਵਾਲੀ ਕਲਿੱਪ ਅਚਾਨਕ ਪਲਟ ਗਈ ਅਤੇ ਟਰੇਨ ਦੇ ਦੋ ਟੁਕੜੇ ਹੋ ਗਏ। ਸੂਚਨਾ ਮੁਤਾਬਕ ਟਰੇਨ ਨੰਬਰ 12497 ਦੇ 8 ਡੱਬੇ ਪਿੱਛੇ ਰਹਿ ਗਏ ਸਨ। ਕਾਫੀ ਦੂਰ ਜਾਣ ਤੋਂ ਬਾਅਦ ਟਰੇਨ ਨੂੰ ਰੋਕਿਆ ਗਿਆ। ਹਾਦਸੇ ਦੀ ਸੂਚਨਾ ਰੇਲਵੇ ਹੈਲਪਲਾਈਨ ਕੰਟਰੋਲ ਰੂਮ ਨੰਬਰ ਨਾਲ ਸਾਂਝੀ ਕੀਤੀ ਗਈ।
ਇਸ ਦੀ ਜਾਣਕਾਰੀ ਪਾਣੀਪਤ ਅਤੇ ਸੋਨੀਪਤ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਤਕਨੀਕੀ ਟੀਮ ਨੂੰ ਤੁਰੰਤ ਮੌਕੇ ‘ਤੇ ਬੁਲਾਇਆ ਗਿਆ। ਇਸ ਮਗਰੋਂ ਟਰੇਨ ਨੂੰ ਮੁੜ ‘ਤੋਂ ਜੋੜਨ ਦਾ ਕੰਮ ਸ਼ੁਰੂ ਕੀਤਾ ਗਿਆ। ਲੰਮੀ ਜੱਦੋ-ਜਹਿਦ ਤੋਂ ਬਾਅਦ ਰੇਲਗੱਡੀ ਦੇ ਦੋਵੇਂ ਹਿੱਸਿਆਂ ਨੂੰ ਨੇੜੇ ਲਿਆਂਦਾ ਗਿਆ ਅਤੇ ਕਲਿੱਪਾਂ ਦੀ ਮਦਦ ਨਾਲ ਜੋੜਿਆ ਗਿਆ। ਸਵੇਰੇ 8.32 ਵਜੇ ਰੇਲਗੱਡੀ ਮੁੜ ਤੋਂ ਸਫ਼ਰ ਲਈ ਤਿਆਰ ਹੋ ਗਈ।
ਇਹ ਵੀ ਪੜ੍ਹੋ : ਬਜਟ ਸੈਸ਼ਨ ਦਾ ਅੱਜ ਆਖਰੀ ਦਿਨ, ਮਾਨ ਸਰਕਾਰ ਦੇ ਕਈ ਮਤਿਆਂ ‘ਤੇ ਲੱਗ ਸਕਦੀ ਏ ਮੋਹਰ
ਗ਼ਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਟਰੇਨ ਦੀ ਮੁਰੰਮਤ ਹੋਣ ‘ਤੋਂ ਬਾਅਦ ਸਾਰੇ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਾਰੇ ਯਾਤਰੀ ਮੁੜ ਰੇਲਗੱਡੀ ਵਿਚ ਸ਼ਾਮਲ ਹੋਏ ਅਤੇ ਇਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਹਰੀ ਝੰਡੀ ਦੇ ਕੇ ਉਥੋਂ ਰਵਾਨਾ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: