‘ਆਪ’ ਦੇ ਪ੍ਰਚਾਰ ਲਈ ਅਹਿਮਦਾਬਾਦ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ‘ਚ ਭਾਜਪਾ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਜਿਥੇ ਭਾਜਪਾ ਚੋਣਾਂ ਰਾਹੀਂ ਸਰਕਾਰ ਨਹੀਂ ਬਣਾ ਸਕੀ, ਉੱਥੇ ਜ਼ਿਮਨੀ ਚੋਣ ਕਰਕੇ ਸਰਕਾਰ ਬਣੀ ਹੈ।
ਸੀ.ਐੱਮ. ਮਾਨ ਨੇ ਕਿਹਾ ਕਿ ਉਨ੍ਹਾਂ ਵਿਚ ਹਉਮੈ ਆ ਗਈ ਹੈ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਸਾਰੇ ਵਕਤ ਨਾਲ ਚੱਲੋ। ਉਨ੍ਹਾਂ ਬੀਜੇਪੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਲੋਕ ਵਕਤ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਹਰ ਚੀਜ਼ ‘ਤੇ ਟੈਕਸ ਅਦਾ ਕਰਦਾ ਹੈ। ਜੇ ਉਹ ਪੱਖੇ ਦੇ ਹੇਠਾਂ ਸੌਂ ਰਿਹਾ ਹੈ ਤਾਂ ਉਹ ਟੈਕਸ ਅਦਾ ਕਰਦਾ ਹੈ। ਜੇ ਅਸੀਂ ਇੰਨਾ ਟੈਕਸ ਭਰਦੇ ਹਾਂ ਤਾਂ ਖਜ਼ਾਨਾ ਖਾਲੀ ਕਿਵੇਂ ਹੁੰਦਾ ਹੈ?
ਮੁੱਖ ਮੰਤਰੀ ਨੇ ਕਿਹਾ ਕਿ ਨੇਤਾਵਾਂ ਲਈ ਖਜ਼ਾਨਾ ਖਾਲੀ ਨਹੀਂ ਹੁੰਦਾ ਤਾਂ ਲੋਕਾਂ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ। ਫਿਰ ਇਸ ਨੂੰ ਖਜ਼ਾਨਾ ਕਿਵੇਂ ਕਹਿ ਸਕਦੇ ਹਾਂ, ਇਸ ਨੂੰ ਅਲਮਾਰੀ ਕਹੋ। ਉਨ੍ਹਾਂ ਕਿਹਾ ਕਿ ਸਾਨੂੰ ਸਿਆਸਤ ਵਿਚ ਆਉਣ ਦੀ ਕੀ ਲੋੜ ਸੀ? ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸਨ, ਮੈਂ ਕਾਮੇਡੀਅਨ ਸੀ। ਜਦੋਂ ਅਸੀਂ ਅੰਦੋਲਨ ਕਰ ਰਹੇ ਸੀ ਅਤੇ ਸਾਰੇ ਮੁੱਦੇ ਉਠਾ ਰਹੇ ਸੀ। ਇਸ ਲਈ ਇਹ ਲੋਕ ਸਾਨੂੰ ਮਿਹਣੇ ਮਾਰਦੇ ਸਨ। ਉਸ ਤੋਂ ਬਾਅਦ ਅਸੀਂ ਰਾਜਨੀਤੀ ਵਿੱਚ ਆ ਗਏ।
ਇਹ ਵੀ ਪੜ੍ਹੋ : ਲੁਧਿਆਣਾ : ਡੈਂਟਲ ਕਾਲਜ ਦੇ ਪਾਣੀ ਦੀ ਟੈਂਕੀ ‘ਚ ਵਾਰਡਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
ਸੀ.ਐੱਮ. ਮਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਵੱਡੀ ਤਾਕਤ ਹੈ। ਪਹਿਲਾਂ ਅਜਿਹਾ ਸਮਾਂ ਸੀ ਜਦੋਂ ਘਰ ਦੇ ਬਜ਼ੁਰਗਾਂ ਦੇ ਕਹਿਣ ’ਤੇ ਵੋਟਾਂ ਪਾਈਆਂ ਜਾਂਦੀਆਂ ਸਨ। ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ, ਪਰ ਹੁਣ ਸਮਾਂ ਬਦਲ ਗਿਆ ਹੈ, ਇਸ ਵਾਰ ਆਪਣੀ ਮਰਜ਼ੀ ਦੀ ਵੋਟ ਪਾਓ। ਉਨ੍ਹਾਂ ਆਪਣੇ ਹੀ ਅੰਦਾਜ਼ ‘ਚ ਕਿਹਾ ਕਿ ਮੈਂ ਭਾਜਪਾ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਮ ਆਦਮੀ ਪਾਰਟੀ ਦੇ ਲੋਕ ਹਾਂ, ਅਸੀਂ ਕਾਫੀ ਡੰਡੇ ਖਾ ਲਏ ਨੇ। ਗੁਜਰਾਤ ਤੋਂ ਬੀਜੇਪੀ ਦੀ ਸਰਕਾਰ ਜਾਣ ਵਾਲੀ ਹੈ। ਜਾਂਦੇ-ਜਾਂਦੇ ਇਹ ਤਾਂ ਦੱਸ ਦੇਣ ਕਿ ਚੰਗੇ ਦਿਨ ਕਦੋਂ ਆਉਣ ਵਾਲੇ ਹਨ?
ਵੀਡੀਓ ਲਈ ਕਲਿੱਕ ਕਰੋ -: