ਪੰਜਾਬ ਦੇ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ‘ਚ ਰਿਟਾਇਰਡ ASI ਅਤੇ ਉਸ ਦੀ ਪਤਨੀ ਅਤੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਕੋਠੀ ਵਿੱਚੋਂ ਮਿਲੀਆਂ। ਮ੍ਰਿਤਕਾਂ ‘ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਘਟਨਾ ‘ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਕਤਲ ਸ਼ਨੀਵਾਰ ਰਾਤ 7 ਵਜੇ ਤੋਂ ਬਾਅਦ ਹੋਏ ਹਨ। ਸ਼ਨੀਵਾਰ ਸ਼ਾਮ 7 ਵਜੇ ਤੱਕ ਉਨ੍ਹਾਂ ਦੀ ਬੇਟੀ ਸਮਨ ਨਾਲ ਫੋਨ ‘ਤੇ ਗੱਲਬਾਤ ਹੋਈ। ਅਗਲੇ ਦਿਨ ਬੇਟੀ ਨੇ ਮਾਤਾ-ਪਿਤਾ ਅਤੇ ਭਰਾ ਨੂੰ ਕਈ ਫੋਨ ਕੀਤੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫ਼ੋਨ ਨਾ ਚੁੱਕਣ ‘ਤੇ ਸਮਨ ਨੇ ਰਿਸ਼ਤੇਦਾਰ ਨੂੰ ਫ਼ੋਨ ਕੀਤਾ। ਜਿਸ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ।
ਇਸ ‘ਤੋਂ ਬਾਅਦ ਪਿੰਡ ਦਾ ਸਰਪੰਚ ਪੀਸੀਆਰ ਦਸਤੇ ਨਾਲ ਮੌਕੇ ’ਤੇ ਪੁੱਜ ਗਿਆ। ਜਦੋਂ ਪੀਸੀਆਰ ਦਸਤੇ ਨੇ ਕੋਠੀ ਦਾ ਤਾਲਾ ਤੋੜਿਆ ਤਾਂ ਤਿੰਨ ਵਿਅਕਤੀਆਂ ਦੀ ਮੌਤ ਦੇਖ ਕੇ ਉਹ ਦੰਗ ਰਹਿ ਗਏ। ਰਿਟਾਇਰਡ ASI ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਸੀ। ਜਦੋਂ ਕਿ ਉਸ ਦੇ ਬੇਟੇ ਅਤੇ ਪਤਨੀ ਦੀਆਂ ਲਾਸ਼ਾਂ ਕਮਰੇ ‘ਚ ਬੈੱਡ ‘ਤੇ ਪਈਆਂ ਸਨ। ਪੀਸੀਆਰ ਦਸਤੇ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਕੁਲਦੀਪ ਸਿੰਘ ਦੇ ਘਰ ਵਾਟਰ ਸਪਲਾਈ ਆਦਿ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਲੇਬਰ ਲੱਗੇ ਹੋਏ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜ਼ਦੂਰ ਕਿਸ ਸਮੇਂ ਘਰ ਆਏ ਸੀ ਅਤੇ ਕਿਸ ਸਮੇਂ ਵਾਪਸ ਗਏ ਸੀ। ਉੱਥੇ ਹੀ, ਘਰ ਦੇ ਕੋਲ ਇੱਕ ਪੌੜੀ ਵੀ ਮਿਲੀ ਹੈ। ਸ਼ੱਕ ਹੈ ਕਿ ਹਮਲਾਵਰ ਇਸ ਪੌੜੀ ਰਾਹੀਂ ਅੰਦਰ ਦਾਖ਼ਲ ਹੋਏ ਸਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਦੋਸਤਾਨਾ ਜਾਪਦਾ ਹੈ। ਪੁਲਿਸ ਨੂੰ ਤੀਹਰੇ ਕਤਲ ਪਿੱਛੇ ਪੁਰਾਣੀ ਦੁਸ਼ਮਣੀ ਦਾ ਸ਼ੱਕ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁੱਤੇ ਪਏ ਪਰਿਵਾਰ ‘ਤੇ ਹਮਲਾ ਹੋਇਆ ਹੈ। ਫਿਲਹਾਲ ਤਿੰਨੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੀਆਂ ਤਹਿਸੀਲਾਂ ‘ਚ ਅੱਜ ਕੰਮਕਾਜ ਰਹੇਗਾ ਠੱਪ, ਮਾਲ ਅਧਿਕਾਰੀ ਵੱਲੋਂ ਹੜਤਾਲ ਦਾ ਐਲਾਨ
ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (65), ਉਸ ਦੀ ਪਤਨੀ ਪਰਮਜੀਤ ਕੌਰ (61) ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਗਰੇਵਾਲ (32) ਵਜੋਂ ਹੋਈ ਹੈ। ਕੁਲਦੀਪ ਸਿੰਘ 2019 ਵਿੱਚ ਸੇਵਾਮੁਕਤ ਹੋਏ। ਕੁਲਦੀਪ ਸਿੰਘ ਮਹਿਲਾ ਸੈੱਲ ਵਿੱਚ ਤਾਇਨਾਤ ਸਨ। ਗੁਰਵਿੰਦਰ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਪਾਲੀ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਸਹੁਰੇ ਘਰ ਛੱਡ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਪਰ ਪੁਲਿਸ ਨੂੰ ਮ੍ਰਿਤਕ ਦੇ ਮੋਬਾਈਲ ਮਿਲੇ ਹਨ। ਪੁਲੀਸ ਇਨ੍ਹਾਂ ਮੋਬਾਈਲਾਂ ’ਤੇ ਤਕਨੀਕੀ ਤੌਰ ’ਤੇ ਕੰਮ ਕਰ ਰਹੀ ਹੈ। ਇਲਾਕੇ ਦੇ ਹੋਰ ਵੀ ਕਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜਲਦੀ ਹੀ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: